ਪ੍ਰਸ਼ਾਸਨਿਕ ਅਣਗਹਿਲੀ ਦੀ ਭੇਟ ਚੜ੍ਹੀ ਪਰਾਗਪੁਰ ਦੀ ਲਿੰਕ ਸੜਕ
ਪ੍ਰਸ਼ਾਸਨਿਕ ਅਣਗਹਿਲੀ ਦੀ ਭੇਟ ਚੜ੍ਹੀ ਪਰਾਗਪੁਰ ਦੀ ਲਿੰਕ ਸੜਕ,
Publish Date: Wed, 28 Jan 2026 06:32 PM (IST)
Updated Date: Wed, 28 Jan 2026 06:34 PM (IST)

ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਹਲਕੇ ਦੇ ਅਧੀਨ ਆਉਂਦੇ ਪਿੰਡ ਪਰਾਗਪੁਰ ਦੀ ਮੁੱਖ ਲਿੰਕ ਸੜਕ ਆਪਣੀ ਬਦਹਾਲੀ ਤੇ ਹੰਝੂ ਵਹਾ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਪਿੰਡ ਵਾਸੀਆਂ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿੰਡ ਦੇ ਵਸਨੀਕ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸੜਕ ਦੀ ਹਾਲਤ ਇੰਨੀ ਜ਼ਿਆਦਾ ਖ਼ਸਤਾ ਹੋ ਚੁੱਕੀ ਹੈ ਕਿ ਹੁਣ ਇਹ ਪਛਾਣਨਾ ਮੁਸ਼ਕਲ ਹੈ ਕਿ ਸੜਕ ਵਿਚ ਟੋਏ ਹਨ ਜਾਂ ਟੋਇਆਂ ਵਿਚ ਸੜਕ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਡੂੰਘੇ ਟੋਇਆਂ ਕਾਰਨ ਆਏ ਦਿਨ ਦੁਪਹੀਆ ਵਾਹਨ ਚਾਲਕ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ। ਸੜਕ ਦੀ ਉੱਖੜੀ ਹੋਈ ਬੱਜਰੀ ਕਾਰਨ ਉੱਡਦੀ ਧੂੜ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਵੰਡ ਰਹੀ ਹੈ। ਮਾਮੂਲੀ ਜਿਹੀ ਬਾਰਿਸ਼ ਹੋਣ ਤੇ ਇਹ ਸੜਕ ਤਲਾਅ ਦਾ ਰੂਪ ਧਾਰ ਲੈਂਦੀ ਹੈ, ਜਿਸ ਕਾਰਨ ਪੈਦਲ ਚੱਲਣਾ ਵੀ ਮੁਹਾਲ ਹੋ ਜਾਂਦਾ ਹੈ। ਪਿੰਡ ਦੇ ਵਸਨੀਕ ਨੇ ਦੱਸਿਆ ਕਿ ਚੋਣਾਂ ਵੇਲੇ ਵੱਡੇ-ਵੱਡੇ ਵਾਅਦੇ ਕਰਨ ਵਾਲੇ ਲੀਡਰ ਹੁਣ ਸਾਰ ਲੈਣ ਨਹੀਂ ਆਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਹਰ ਵਾਰ ਸਿਰਫ਼ ਭਰੋਸਾ ਹੀ ਮਿਲਦਾ ਹੈ। ਸਥਾਨਕ ਨਿਵਾਸੀਆਂ ਨੇ ਕਿਹਾ ਕਿ ਬੱਚਿਆਂ ਨੂੰ ਸਕੂਲ ਜਾਣ ਅਤੇ ਬਜ਼ੁਰਗਾਂ ਨੂੰ ਹਸਪਤਾਲ ਲਿਜਾਣ ਵਿਚ ਬਹੁਤ ਦਿੱਕਤ ਆਉਂਦੀ ਹੈ। ਜੇਕਰ ਜਲਦੀ ਹੀ ਸੜਕ ਦੀ ਹਾਲਤ ਨਾ ਸੁਧਾਰੀ ਗਈ, ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।