ਪੰਚਾਇਤ ਰਾਜ ਪੈਨਸ਼ਨਰਜ਼ ਯੂਨੀਅਨ ਦੇ ਵਫ਼ਦ ਨੇ ਅਧਿਕਾਰੀਆਂ ਨੂੰ ਮੰਗਾਂ ਬਾਰੇ ਜਾਣੂ ਕਰਵਾਇਆ
ਪੰਚਾਇਤ ਰਾਜ ਪੈਨਸ਼ਨਰਜ਼ ਯੂਨੀਅਨ ਦੇ ਵਫ਼ਦ ਨੇ ਅਧਿਕਾਰੀਆਂ ਨੂੰ ਮੰਗਾਂ ਬਾਰੇ ਜਾਣੂ ਕਰਵਾਇਆ
Publish Date: Fri, 02 Jan 2026 06:33 PM (IST)
Updated Date: Fri, 02 Jan 2026 06:35 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਦਾ ਵਫ਼ਦ ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ ਦੀ ਅਗਵਾਈ ਹੇਠ ਆਪਣੀਆਂ ਲੰਮੇਂ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੀ ਪੂਰਤੀ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਓਮਾ ਸ਼ੰਕਰ ਗੁਪਤਾ ਨੂੰ ਵਿਕਾਸ ਭਵਨ ਵਿਖੇ ਮਿਲਿਆ। ਵਫ਼ਦ ਵੱਲੋਂ ਡਾਇਰੈਕਟਰ ਨੂੰ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਵਿਸਥਾਰ ਵਿਚ ਜਾਣੂ ਕਰਵਾਇਆ ਗਿਆ, ਜਿਸ ਉਪਰੰਤ ਡਾਇਰੈਕਟਰ ਨੇ ਕਿਹਾ ਕਿ ਵਿਭਾਗੀ ਕੰਮਾਂ ਅਤੇ ਰੁਝੇਵਿਆਂ ਦੇ ਕਾਰਨ ਪੈਨਸ਼ਨ ਵਿਚ ਦੇਰ ਹੁੰਦੀ ਹੈ, ਪਰ ਫਿਰ ਵੀ ਪੈਨਸ਼ਨਰਾਂ ਨੂੰ ਪੇਅ ਕਮਿਸ਼ਨ ਦਾ ਬਕਾਇਆ ਦੇਣਾ ਅਰੰਭ ਕਰ ਦਿੱਤਾ ਗਿਆ ਹੈ। ਫੈਮਿਲੀ ਪੈਨਸ਼ਨਰਾਂ ਨੂੰ 65-70 ਸਾਲਾ ਬੁਢਾਪਾ ਭੱਤਾ ਦੇਣ ਦੀ ਕਾਰਵਾਈ ਵਿੱਢੀ ਜਾ ਚੁੱਕੀ ਹੈ। ਉਕਤ ਫੈਮਿਲੀ ਪੈਨਸ਼ਨਰਾਂ ਨੂੰ ਬੁਢਾਪਾ ਭੱਤਾ ਜਾਰੀ ਹੋਣ ਤੋਂ ਬਾਅਦ 75 ਤੋਂ 100 ਸਾਲਾ ਦੀ ਉਮਰ ਵਾਲੇ ਸਾਰੇ ਪੈਨਸ਼ਨਰਾਂ ਨੂੰ ਬੁਢਾਪਾ ਭੱਤਾ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਹ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰਨੀਤ ਕੌਰ ਨੂੰ ਮਿਲਣ। ਵਫ਼ਦ ਨੇ ਪੈਨਸ਼ਨ ਸੈਲ ਦੀ ਇੰਚਾਰਜ ਤੇ ਸਹਾਇਕ ਡਾਇਰੈਕਟਰ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੀਪੀਓ ਨੰਬਰ 800 ਤੱਕ ਦੇ ਜ਼ਿਆਦਾਤਰ ਪੈਨਸ਼ਨਰਾਂ ਨੂੰ ਬਕਾਏ ਦਿੱਤੇ ਜਾ ਚੁੱਕੇ ਹਨ, ਜਦਕਿ ਇਕ ਹਜ਼ਾਰ ਤੱਕ ਦੇ ਪੀਪੀਓ ਨੰਬਰ ਵਾਲਿਆਂ ਨੂੰ ਦਸੰਬਰ ਮਹੀਨੇ ਦੀ ਪੈਨਸ਼ਨ ਨਾਲ ਬਕਾਏ ਦੇ ਦਿੱਤੇ ਜਾਣਗੇ। ਇਸੇ ਤਰ੍ਹਾਂ 1400 ਨੰਬਰ ਤੱਕ ਦੀ ਪੀਪੀਓ ਵਾਲਿਆਂ ਨੂੰ ਮਾਰਚ 2026 ਤੱਕ ਬਕਾਏ ਅਦਾ ਕਰਨ ਦੀ ਆਸ ਪ੍ਰਗਟਾਈ ਗਈ ਹੈ, ਜਦਕਿ ਇਸ ਤੋਂ ਅਗਲੇ ਪੈਨਸ਼ਨਰਾਂ ਨੂੰ 2026-27 ਬਜਟ ਆਉਣ ’ਤੇ ਹੀ ਬਕਾਏ ਦਿੱਤੇ ਜਾ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਦਸੰਬਰ ਮਹੀਨੇ ਦੀ ਪੈਨਸ਼ਨ ਸਿਰਫ਼ ਉਨ੍ਹਾਂ ਪੈਨਸ਼ਨਰਾਂ ਨੂੰ ਹੀ ਮਿਲੇਗੀ, ਜਿਨ੍ਹਾਂ ਦੇ ਲਾਈਫ਼ ਸਰਟੀਫ਼ਿਕੇਟ ਦਫ਼ਤਰ ਵਿਚ ਜਮ੍ਹਾਂ ਹੋ ਚੁੱਕੇ ਹਨ। ਵਫ਼ਦ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਬਕਾਏ ਦੀ ਪ੍ਰਾਪਤੀ ਲਈ ਜਨਵਰੀ ਮਹੀਨੇ ਪੈਨਸ਼ਨਰਾਂ ਨਾਲ ਵਿਚਾਰ ਚਰਚਾ ਕਰਕੇ ਅਗਲਾ ਕਦਮ ਚੁੱਕਿਆ ਜਾਵੇਗਾ। ਅੱਜ ਦੇ ਵਫ਼ਦ ਵਿਚ ਜਥੇਬੰਦੀ ਦੇ ਸਕੱਤਰ ਜਗੀਰ ਸਿੰਘ ਢਿੱਲੋਂ, ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਦਿਆਲ ਸਿੰਘ, ਦਰਸ਼ਨ ਸਿੰਘ ਮੁਹਾਲੀ, ਗੁਰਮੇਲ ਸਿੰਘ, ਪਰਮਜੀਤ ਸਿੰਘ ਸਮਰਾਲਾ, ਗਿਆਨ ਸਿੰਘ, ਯਸ਼ਪਾਲ ਤੇ ਹੇਮ ਰਾਜ ਆਦਿ ਵੀ ਸ਼ਾਮਲ ਸਨ।