ਖਿਡਾਰੀਆਂ ਦੀ ਮੁੜ ਪ੍ਰੀਖਿਆ ਦੇ ਦਸਤਾਵੇਜ਼ 16 ਤਕ ਈਮੇਲ ਕਰਨ ਦੇ ਹੁਕਮ
ਮੁੜ-ਪ੍ਰੀਖਿਆ ਦੇ ਦਸਤਾਵੇਜ਼ 16 ਮਾਰਚ ਤੱਕ ਈਮੇਲ ਕਰਨ ਦੇ ਹੁਕਮ
Publish Date: Mon, 09 Mar 2026 07:53 PM (IST)
Updated Date: Mon, 09 Mar 2026 07:57 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦੌਰਾਨ ਖੇਡਾਂ ਵਿਚ ਹਿੱਸਾ ਲੈਣ ਕਾਰਨ ਪ੍ਰੀਖਿਆ ਦੇਣ ਤੋਂ ਰਹਿ ਗਏ ਖਿਡਾਰੀਆਂ ਦੀ ਮੁੜ-ਪ੍ਰੀਖਿਆ ਕਰਵਾਉਣ ਸਬੰਧੀ ਖਿਡਾਰੀਆਂ ਨਾਲ ਸਬੰਧਤ ਸਕੂਲ ਮੁਖੀਆਂ ਨੂੰ ਲੁੜੀਂਦੇ ਦਸਤਾਵੇਜ਼ 16 ਮਾਰਚ ਤਕ ਬੋਰਡ ਨੂੰ ਈਮੇਲ ਕਰਨ ਦੇ ਹੁਕਮ ਦਿੱਤੇ ਗਏ ਹਨ। ਸਿੱਖਿਆ ਬੋਰਡ ਵੱਲੋਂ ਜਾਰੀ ਹੁਕਮਾਂ ਅਨੁਸਾਰ ਬੋਰਡ ਦੀਆਂ 8ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਅਤੇ 10ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 6 ਮਾਰਚ ਤੋਂ ਆਰੰਭ ਹੋ ਚੁੱਕੀਆਂ ਹਨ, ਇਨ੍ਹਾਂ ਪ੍ਰੀਖਿਆਵਾਂ ਦੌਰਾਨ ਜੋ ਖਿਡਾਰੀ ਸਟੇਟ/ ਰਾਸ਼ਟਰੀ /ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਹਿੱਸਾ ਲੈਣ ਕਾਰਨ ਬਾਕੀ ਰਹਿੰਦੀਆਂ ਸਿੱਖਿਆ ਬੋਰਡ ਦੀਆਂ ਲਿਖਤੀ/ਪ੍ਰਯੋਗੀ ਪ੍ਰੀਖਿਆ ਵਿਚ ਅਪੀਅਰ ਹੋਣ ਤੋਂ ਰਹਿ ਗਏ ਹਨ, ਅਜਿਹੇ ਪ੍ਰੀਖਿਆਰਥੀਆਂ ਦੀ ਮੁੜ-ਪ੍ਰੀਖਿਆ ਕਰਵਾਈ ਜਾਣੀ ਹੈ। ਇਸ ਲਈ ਸਬੰਧਿਤ ਸਕੂਲਾਂ ਦੇ ਸਕੂਲ ਮੁੱਖੀ ਅਜਿਹੇ ਪ੍ਰੀਖਿਆਰਥੀ ਜੋ ਕਿ ਖੇਡਾਂ ਵਿਚ ਹਿੱਸਾ ਲੈਣ ਕਰ ਕੇ ਲਿਖਤੀ/ਪ੍ਰਯੋਗੀ ਪ੍ਰੀਖਿਆ ਦੇਣ ਤੋਂ ਵਾਂਝਾ ਰਹਿ ਗਏ ਹਨ, ਅਜਿਹੇ ਪ੍ਰੀਖਿਆਰਥੀ/ਪ੍ਰੀਖਿਆਰਥੀਆਂ ਦੀ ਮੁੜ-ਪ੍ਰੀਖਿਆ ਕਰਵਾਉਣ ਸਬੰਧੀ ਸੂਚਨਾ ਅਤੇ ਸਬੰਧਿਤ ਤਸਦੀਕੀ ਦਸਤਾਵੇਜ਼ ਭਾਵ ਸਕੂਲ ਲੈਟਰ ਹੈੱਡ ’ਤੇ ਪ੍ਰੀਖਿਆਰਥੀ ਦਾ ਵਿਸ਼ਾ ਅਤੇ ਖੇਡਾਂ ਵਿਚ ਹਿੱਸਾ ਲੈਣ ਸਬੰਧੀ ਪੱਤਰ ਦੀ ਕਾਪੀ ਹਰ ਹਾਲ ਵਿਚ ਬੋਰਡ ਈਮੇਲ ’ਤੇ 16 ਮਾਰਚ ਤੱਕ ਭੇਜੀ ਜਾਵੇ। ਇਸ ਉਪਰੰਤ ਵੀ ਜੇਕਰ ਪ੍ਰੀਖਿਆਰਥੀ ਮੁੜ-ਪ੍ਰੀਖਿਆ ਦੇਣ ਤੋਂ ਰਹਿ ਜਾਂਦਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਮੁੱਖੀ/ਪ੍ਰਿੰਸੀਪਲ ਦੀ ਹੋਵੇਗੀ।