ਟੀ-ਪੁਆਇੰਟ 'ਤੇ ਖੁੱਲ੍ਹਾ ਮੈਨਹੋਲ ਬਣਿਆ ਜਾਨਲੇਵਾ
ਟੀ-ਪੁਆਇੰਟ 'ਤੇ ਖੁੱਲ੍ਹਾ ਮੈਨਹੋਲ ਬਣਿਆ ਜਾਨਲੇਵਾ, ਪ੍ਰਸ਼ਾਸਨਿਕ ਅਣਗਹਿਲੀ ਕਾਰਨ ਹਾਦਸਿਆਂ ਦਾ ਡਰ
Publish Date: Tue, 03 Feb 2026 06:50 PM (IST)
Updated Date: Tue, 03 Feb 2026 06:53 PM (IST)

ਪ੍ਰਸ਼ਾਸਨਿਕ ਅਣਗਹਿਲੀ ਕਾਰਨ ਹਾਦਸਿਆਂ ਦਾ ਡਰ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਥਾਨਕ ਮੁਬਾਰਕਪੁਰ-ਪੰਡਵਾਲਾ ਟੀ-ਪੁਆਇੰਟ ਤੇ ਸੀਵਰੇਜ ਦਾ ਇਕ ਖੁੱਲ੍ਹਾ ਮੈਨਹੋਲ ਪਿਛਲੇ ਕਈ ਦਿਨਾਂ ਤੋਂ ਰਾਹਗੀਰਾਂ ਲਈ ਮੌਤ ਦਾ ਜਾਲ ਬਣਿਆ ਹੋਇਆ ਹੈ। ਰੁੱਝੇ ਹੋਏ ਰਸਤੇ ਤੇ ਸਥਿਤ ਇਹ ਖੁੱਲ੍ਹਾ ਮੈਨਹੋਲ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਮੈਨਹੋਲ ਬਿਲਕੁਲ ਸੜਕ ਦੇ ਵਿਚਕਾਰ (ਟੀ-ਪੁਆਇੰਟ) ਸਥਿਤ ਹੈ, ਜਿੱਥੇ ਵਾਹਨਾਂ ਦੀ ਆਵਾਜਾਈ ਕਾਫ਼ੀ ਜ਼ਿਆਦਾ ਰਹਿੰਦੀ ਹੈ। ਰਾਤ ਦੇ ਸਮੇਂ ਹਨੇਰਾ ਹੋਣ ਕਾਰਨ ਦੁਪਹੀਆ ਵਾਹਨ ਚਾਲਕਾਂ ਲਈ ਇਹ ਹੋਰ ਵੀ ਖ਼ਤਰਨਾਕ ਸਾਬਤ ਹੋ ਰਿਹਾ ਹੈ। ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸਬੰਧਤ ਵਿਭਾਗ ਨੇ ਇਸ ਨੂੰ ਢੱਕਣ ਦੀ ਜ਼ਹਿਮਤ ਨਹੀਂ ਉਠਾਈ। ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਰੋਜ਼ਾਨਾ ਸੈਂਕੜੇ ਵਾਹਨ ਲੰਘਦੇ ਹਨ। ਕਈ ਵਾਰ ਵਾਹਨ ਚਾਲਕ ਬਚਦੇ-ਬਚਦੇ ਡਿੱਗਣੋਂ ਮਸਾਂ ਬਚੇ ਹਨ। ਕੀ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ? ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮੈਨਹੋਲ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਇਸ ਤੇ ਮਜ਼ਬੂਤ ਢੱਕਣ ਲਗਾਇਆ ਜਾਵੇ ਤਾਂ ਜੋ ਕਿਸੇ ਦਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ। ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।