ਨਵੇਂ ਸਾਲ ’ਤੇ ਮੁਲਾਜ਼ਮਾਂ ਨੂੰ ਨੈਤਿਕ ਜ਼ਿੰਮੇਵਾਰੀ ਦਾ ਹੋਕਾ ਦਿੱਤਾ
ਨਵੇਂ ਸਾਲ ਦੇ ਆਗਾਜ਼ 'ਤੇ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਦਿੱਤਾ ਨੈਤਿਕ ਜ਼ਿੰਮੇਵਾਰੀ ਦਾ ਹੋਕਾ
Publish Date: Thu, 01 Jan 2026 06:40 PM (IST)
Updated Date: Thu, 01 Jan 2026 06:41 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਸਾਲ 2026 ਦੀ ਆਮਦ ਮੌਕੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈਏਐੱਸ (ਰਿਟਾ.) ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮੰਚ ਦਾ ਸੰਚਾਲਨ ਜੁਆਇੰਟ ਸਕੱਤਰ ਜਨਕ ਰਾਜ ਮਹਿਰੋਕ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਆਪਣੇ ਸੰਬੋਧਨ ਦੌਰਾਨ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਸਮੂਹ ਮੁਲਾਜ਼ਮਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਆਪਣੀ ਨੈਤਿਕ ਜ਼ਿੰਮੇਵਾਰੀ ਪਛਾਨਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਰੋਜ਼ਾਨਾ ਦੇ ਕੰਮਾਂ ਵਿਚ ਪੰਜਾਬੀ ਓਲੰਪੀਆਡ ਵਰਗੀ ਮਿਹਨਤ ਵਿਖਾਵਾਂਗੇ, ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇਸ਼ ਦਾ ਨੰਬਰ ਇਕ ਬੋਰਡ ਬਣੇਗਾ। ਉਨ੍ਹਾਂ ਸਿੰਗਲ ਵਿੰਡੋ ਪ੍ਰਣਾਲੀ ਦੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਅਤੇ ਆਮ ਜਨਤਾ ਦੇ ਕੰਮ ਸੁਖਾਲੇ ਹੋਏ ਹਨ। ਡਾ. ਅਮਰਪਾਲ ਨੇ ਦੱਸਿਆ ਕਿ ਸਾਲ 2025 ਵਾਂਗ ਸਾਲ 2026 ਵਿਚ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਤੇ ਸਿੱਖਿਆਵਾਂ ਨੂੰ ਯਾਦ ਕਰਨ ਲਈ ਸਮਾਗਮਾਂ ਦੀ ਲੜੀ ਜਾਰੀ ਰਹੇਗੀ। ਉੱਪ ਸਕੱਤਰ (ਅਕਾਦਮਿਕ) ਸੰਦੀਪ ਵਰਮਾ ਨੇ ਸਾਲਾਨਾ ਰਿਪੋਰਟ ਪੜ੍ਹਦਿਆਂ ਦੱਸਿਆ ਕਿ ਸਾਲ 2025 ਦੌਰਾਨ ਬੋਰਡ ਨੇ ਆਈਆਈਟੀ ਮਦਰਾਸ ਸਮੇਤ ਕਈ ਅਹਿਮ ਕੰਪਨੀਆਂ ਨਾਲ ਐੱਮਓਯੂ ਹਸਤਾਖ਼ਰ ਕੀਤੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਤੇ ਮੁਲਾਜ਼ਮਾਂ ਨੂੰ ਟਰੇਨਿੰਗ ਦਿੱਤੀ ਗਈ। 11ਵੀਂ ਜਮਾਤ ਲਈ ਉੱਦਮਤਾ ਵਿਸ਼ਾ ਲਾਜ਼ਮੀ ਕੀਤਾ ਗਿਆ। ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਬੋਰਡ ਦਫ਼ਤਰ ਅਤੇ ਰਿਹਾਇਸ਼ੀ ਕੰਪਲੈਕਸ ਵਿਚ ਨਵੀਆਂ ਸਥਾਪਿਤ ਲਿਫਟਾਂ ਦੀ ਸ਼ੁਰੂਆਤ ਬੋਰਡ ਵਿਚ ਸੇਵਾ ਨਿਭਾ ਰਹੇ ਦਿਵਿਆਂਗ ਕਰਮਚਾਰੀਆਂ ਤੋਂ ਕਰਵਾਈ ਗਈ, ਜੋ ਕਿ ਇਕ ਸ਼ਲਾਘਾਯੋਗ ਪਹਿਲ ਹੈ।