ਨਵੇਂ ਸਾਲ ਦੀ ਆਮਦ 'ਤੇ ਵੇਰਕਾ ਮੁਹਾਲੀ ਡੇਅਰੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਦਿੱਤੀਆਂ ਵਧਾਈਆਂ
ਨਵੇਂ ਸਾਲ ਦੀ ਆਮਦ 'ਤੇ ਵੇਰਕਾ ਮੁਹਾਲੀ ਡੇਅਰੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,
Publish Date: Thu, 01 Jan 2026 07:24 PM (IST)
Updated Date: Thu, 01 Jan 2026 07:26 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਾਲ 2026 ਦੀ ਆਮਦ ਤੇ ਵੇਰਕਾ ਮੁਹਾਲੀ ਡੇਅਰੀ ਵਿਖੇ ਸਮੂਹ ਮੁਲਾਜ਼ਮਾਂ ਦੀ ਤਰੱਕੀ, ਖੁਸ਼ਹਾਲੀ ਅਤੇ ਭਲਾਈ ਲਈ ਕਰਵਾਏ ਗਏ ਤਿੰਨ ਰੋਜ਼ਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ’ਚ ਵੇਰਕਾ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਲ ਵੇਰਕਾ ਡੇਅਰੀ ਦੇ ਸਮੂਹ ਬੋਰਡ ਆਫ਼ ਡਾਇਰੈਕਟਰਜ਼, ਮਿਲਕਫੈੱਡ ਹੈੱਡ ਆਫ਼ਿਸ ਦੇ ਜੀਐੱਮ ਅਮਰਜੀਤ ਸਿੰਘ ਅਤੇ ਵੇਰਕਾ ਮੁਹਾਲੀ ਡੇਅਰੀ ਦੇ ਜਨਰਲ ਮੈਨੇਜਰ ਬਿਕਰਮਜੀਤ ਸਿੰਘ ਮਹਿਲ ਵੀ ਮੌਜੂਦ ਸਨ। ਸਮਾਗਮ ਵਿਚ ਪਹੁੰਚੇ ਮਹਿਮਾਨਾਂ ਦਾ ਸਵਾਗਤ ਡਾਇਰੈਕਟਰ ਬੰਤ ਸਿੰਘ ਵੱਲੋਂ ਕੀਤਾ ਗਿਆ। ਚੇਅਰਮੈਨ ਸ਼ੇਰਗਿੱਲ ਅਤੇ ਜੀਐੱਮ ਬਿਕਰਮਜੀਤ ਸਿੰਘ ਮਹਿਲ ਨੇ ਸਮੂਹ ਕਰਮਚਾਰੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਹਰ ਸਾਲ ਇਹ ਸਮਾਗਮ ਸੰਸਥਾ ਦੀ ਚੜ੍ਹਦੀ ਕਲਾ ਲਈ ਕਰਵਾਇਆ ਜਾਂਦਾ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਿਲਕਫੈੱਡ ਦੇ ਹੋਰ ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਡੇਅਰੀ ਮੁਲਾਜ਼ਮ ਹਾਜ਼ਰ ਸਨ।