ਐੱਨਆਰਆਈ ਨੌਜਵਾਨ ਤੇ ਬਜ਼ੁਰਗ ਮਾਂ ਦੀ ਕੁੱਟਮਾਰ, ਦੋ ਔਰਤਾਂ ਖ਼ਿਲਾਫ਼ ਕੇਸ ਦਰਜ
ਐੱਨਆਰਆਈ ਨੌਜਵਾਨ ਅਤੇ ਬਜ਼ੁਰਗ ਮਾਂ ਦੀ ਕੁੱਟਮਾਰ, ਦੋ ਮਹਿਲਾਵਾਂ ਖ਼ਿਲਾਫ਼ ਕੇਸ ਦਰਜ
Publish Date: Mon, 13 Apr 2026 08:04 PM (IST)
Updated Date: Mon, 13 Apr 2026 08:07 PM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸਥਾਨਕ ਸੁਸ਼ਮਾ ਗਰੈਂਡੇ ਸੁਸਾਇਟੀ ’ਚ ਇਕ ਫਲੈਟ ਅੰਦਰ ਵੜ ਕੇ ਐੱਨਆਰਆਈ ਨੌਜਵਾਨ ਅਤੇ ਉਸ ਦੀ ਬਜ਼ੁਰਗ ਮਾਂ ਨਾਲ ਕੁੱਟਮਾਰ ਕਰਨ ਅਤੇ ਘਰ ਦੇ ਸਾਮਾਨ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਬਜ਼ੁਰਗ ਔਰਤ ਦੀ ਸ਼ਿਕਾਇਤ ’ਤੇ ਉਸ ਦੀ ਨੂੰਹ ਦੀਆਂ ਦੋ ਸਗੀਆਂ ਭੈਣਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦਲਵੀਰ ਸਿੰਘ ਨਿਊਜ਼ੀਲੈਂਡ ਦਾ ਨਾਗਰਿਕ ਹੈ। ਦਲਵੀਰ ਦਾ ਵਿਆਹ ਸਾਲ 2024 ਵਿਚ ਹਰਪ੍ਰੀਤ ਕੌਰ ਨਾਲ ਹੋਇਆ ਸੀ। ਦੋਸ਼ ਹੈ ਕਿ ਵਿਆਹ ਦੇ ਕੁੱਝ ਸਮੇਂ ਬਾਅਦ ਹੀ ਨੂੰਹ ਹਰਪ੍ਰੀਤ ਕੌਰ ਨੇ ਸੱਸ ’ਤੇ ਜ਼ੀਰਕਪੁਰ ਵਾਲਾ ਫਲੈਟ ਵੇਚ ਕੇ ਸੰਨੀ ਇਨਕਲੇਵ ਵਿਚ ਨਵਾਂ ਮਕਾਨ ਖ਼ਰੀਦਣ ਅਤੇ ਵੱਡੀ ਗੱਡੀ ਦਿਵਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਨੂੰਹ ਆਪਣੀਆਂ ਭੈਣਾਂ ਨਾਲ ਮਿਲ ਕੇ ਸੱਸ ਨੂੰ ਦਾਜ ਦੇ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇਣ ਲੱਗੀ ਅਤੇ ਬਾਅਦ ਵਿਚ ਘਰ ਛੱਡ ਕੇ ਚਲੀ ਗਈ। ਸ਼ਿਕਾਇਤਕਰਤਾ ਅਨੁਸਾਰ 22 ਫਰਵਰੀ 2026 ਨੂੰ ਜਦੋਂ ਦਲਵੀਰ ਨਿਊਜ਼ੀਲੈਂਡ ਤੋਂ ਵਾਪਸ ਘਰ ਆਇਆ ਤਾਂ ਉਸ ਦੀਆਂ ਸਾਲੀਆਂ ਮਨਪ੍ਰੀਤ ਕੌਰ ਅਤੇ ਮਨਦੀਪ ਕੌਰ ਜ਼ਬਰਦਸਤੀ ਫਲੈਟ ਦੇ ਅੰਦਰ ਦਾਖ਼ਲ ਹੋ ਗਈਆਂ। ਉਨ੍ਹਾਂ ਨੇ ਦਲਵੀਰ ਦੇ ਕਮਰੇ ਵਿਚ ਵੜ ਕੇ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਹਮਲਾਵਰਾਂ ਨੇ ਦਲਵੀਰ ਦੀ ਟੀ-ਸ਼ਰਟ ਪਾੜ ਦਿੱਤੀ ਅਤੇ ਘਰ ਦੇ ਕੀਮਤੀ ਸਾਮਾਨ ਦੀ ਭੰਨਤੋੜ ਕੀਤੀ। ਪੀੜਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਔਰਤਾਂ ਜਾਂਦੇ ਸਮੇਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਗਈਆਂ ਹਨ। ਜ਼ੀਰਕਪੁਰ ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਮਨਪ੍ਰੀਤ ਕੌਰ ਅਤੇ ਮਨਦੀਪ ਕੌਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।