ਐੱਨਆਰਆਈ ਭਾਈਚਾਰਾ ਪੰਜਾਬ ਦੀ ਖੁਸ਼ਹਾਲੀ ਲਈ ਸਾਥ ਦੇਵੇ : ਸ਼ਰਮਾ
ਐੱਨ.ਆਰ.ਆਈ ਭਾਈਚਾਰਾ ਪੰਜਾਬ ਦੀ ਖੁਸ਼ਹਾਲੀ ਲਈ ਸਾਥ ਦੇਵੇ- ਸ਼ਰਮਾ
Publish Date: Sat, 14 Feb 2026 07:13 PM (IST)
Updated Date: Sun, 15 Feb 2026 04:12 AM (IST)

ਫੋਟੋ ਸਮਾਚਾਰ---- * ਕਿਹਾ, ਪੰਜਾਬ ’ਚ ਏਕਤਾ, ਅਮਨ, ਸੁਰੱਖਿਆ ਤੇ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਭਾਜਪਾ ਵਚਨਬੱਧ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਭਾਜਪਾ ਵੱਲੋਂ ਸਨਿੱਚਰਵਾਰ ਨੂੰ ਇੱਥੇ ‘ਪੰਜਾਬੀ ਡਾਇਸਪੋਰਾ ਮੀਟ’ ਤਹਿਤ ਐੱਨਆਰਆਈ ਸਮਾਗਮ ਕਰਵਾਇਆ ਗਿਆ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਰਵਾਸੀ ਪੰਜਾਬੀਆਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਵੱਲੋ ਪੰਜਾਬ ਤੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਮਾਣ-ਮਰਿਆਦਾ ਦਿਵਾਉਣ ਲਈ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ’ਚ ਵੱਸਦੇ ਪੰਜਾਬੀ ਹਮੇਸ਼ਾ ਆਪਣੀ ਮਾਂ-ਭੂਮੀ ਦੀ ਰੂਹ ਨੂੰ ਆਪਣੇ ਦਿਲ ’ਚ ਸੰਭਾਲ ਕੇ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਵਿਸ਼ਵ ਪੱਧਰੀ ਪਹੁੰਚ ਤੇ ਸਨਮਾਨ ’ਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ਼ ਪੰਜਾਬ ਦੇ ਵਿਕਾਸ ਸਬੰਧੀ ਐੱਨਆਰਆਈ ਭਾਈਚਾਰੇ ਦੀਆਂ ਚਿੰਤਾਵਾਂ ਤੇ ਸੁਝਾਵਾਂ ਨੂੰ ਸੁਣਨਾ ਹੈ। ਨਸ਼ਿਆਂ, ਕਾਨੂੰਨ-ਵਿਵਸਥਾ ਤੇ ਆਰਥਿਕ ਮੰਦੀ ਵਰਗੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਸ਼ਰਮਾ ਨੇ ਪਰਵਾਸੀ ਭਾਈਚਾਰੇ ਨੂੰ ਪੰਜਾਬ ਦੀ ਖੁਸ਼ਹਾਲੀ ਦੇ ਪੁਨਰਨਿਰਮਾਣ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਅਪੀਲ ਕੀਤੀ। ਉਨ੍ਹਾਂ ਦੁਹਰਾਇਆ ਕਿ ਪੰਜਾਬ ’ਚ ਏਕਤਾ, ਅਮਨ, ਸੁਰੱਖਿਆ ਤੇ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਭਾਜਪਾ ਵਚਨਬੱਧ ਹੈ, ਤਾਂ ਜੋ ਪੰਜਾਬ ਦੀ ਸ਼ਾਨ ਮੁੜ ਕਾਇਮ ਕੀਤੀ ਜਾ ਸਕੇ। ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਭਾਜਪਾ ਸਰਕਾਰ ਐੱਨਆਰਆਈ ਦੇ ਪਾਸਪੋਰਟ ਦੇ ਰੰਗ ਨੂੰ ਨਹੀਂ ਸਗੋਂ ਉਨ੍ਹਾਂ ਦੇ ‘ਭਾਰਤੀ ਡੀਐੱਨਏ’ ਨੂੰ ਮਹੱਤਵ ਦਿੰਦੀ ਹੈ, ਜੋ ਉਨ੍ਹਾਂ ਨੂੰ ਆਪਣੀ ਮਾਂ-ਭੂਮੀ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ 26 ਮਈ 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਦੁਨੀਆਂ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਮੁੱਖ ਅਰਥਵਿਵਸਥਾਵਾਂ ’ਚ ਸ਼ਾਮਲ ਹੋਇਆ ਹੈ। ਭਾਰਤ ਨੇ ਵਿਸ਼ਵ ਪੱਧਰ ’ਤੇ ਮਾਣ ਪ੍ਰਾਪਤ ਕੀਤਾ ਹੈ। ਚੁੱਘ ਨੇ ਕਿਹਾ ਕਿ ਐੱਨਆਰਆਈ ਭਾਈਚਾਰੇ ਨੂੰ ਸੂਬੇ ’ਚ ਆਰਥਿਕ ਤਰੱਕੀ ਉਦਯੋਗਿਕ ਨਿਵੇਸ਼ ਤੇ ਸੁਰੱਖਿਆ ਦੀ ਬਹਾਲੀ ਲਈ ‘ਡਬਲ ਇੰਜਣ ਸਰਕਾਰ’ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਭਾਜਪਾ ਸ਼ਾਸਿਤ ਸੂਬਿਆਂ ਵਾਂਗ ਪੰਜਾਬ ਵਿਚ ਵੀ ਐੱਨ.ਆਰ.ਆਈ ਭਾਈਚਾਰੇ ਨੂੰ ਸਮਾਨ ਅਧਿਕਾਰ ਤੇ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ, ਉਨ੍ਹਾਂ ਦੇ ਨਿਵੇਸ਼ ਦੀ ਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਪਾਰਦਰਸ਼ੀ ਤੇ ਵਿਕਾਸਮੁਖੀ ਵਾਤਾਵਰਨ ਮੁਹੱਈਆ ਕਰਵਾਇਆ ਜਾਵੇਗਾ।