ਕਿਸਾਨਾਂ ਲਈ ਕਣਕ ਖ਼ਰੀਦ ਦੇ ਨਿਯਮਾਂ ਵਿਚ ਛੋਟ ਦੇਣ ਲਈ ਨੋਟੀਫ਼ਿਕੇਸ਼ਨ ਜਾਰੀ
ਕਿਸਾਨਾਂ ਲਈ ਕਣਕ ਖ਼ਰੀਦ ਦੇ ਨਿਯਮਾਂ ਵਿਚ ਛੋਟ ਦੇਣ ਲਈ ਨੋਟੀਫ਼ਿਕੇਸ਼ਨ ਜਾਰੀ,
Publish Date: Fri, 17 Apr 2026 07:30 PM (IST)
Updated Date: Sat, 18 Apr 2026 04:12 AM (IST)

* ਰਵਨੀਤ ਬਿੱਟੂ ਤੇ ਸਤਨਾਮ ਸੰਧੂ ਦੀ ਪੈਰਵੀ ਤੇ ਕੇਂਦਰੀ ਮੰਤਰਾਲੇ ਨੇ ਕੀਤੀ ਫੌਰੀ ਕਾਰਵਾਈ * ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਲਈ ਮੋਦੀ ਤੇ ਜੋਸ਼ੀ ਦਾ ਕੀਤਾ ਧੰਨਵਾਦ 18ਪੀ)----ਫ਼ੋਟੋ ਕੈਪਸ਼ਨ : ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਕਿਸਾਨੀ ਮਸਲਿਆਂ ’ਤੇ ਚਰਚਾ ਕਰਦੇ ਹੋਏ ਰਵਨੀਤ ਬਿੱਟੂ ਅਤੇ ਸਤਨਾਮ ਸੰਧੂ। ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਕੇਂਦਰ ਸਰਕਾਰ ਨੇ ਪੰਜਾਬ ਤੇ ਚੰਡੀਗੜ੍ਹ ਦੀਆਂ ਮੰਡੀਆਂ ’ਚ ਕਣਕ ਖ਼ਰੀਦ ਦੇ ਨਿਯਮਾਂ ’ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕੇਂਦਰੀ ਉਪਭੋਗਤਾ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ’ਚ ਰਬੀ ਮਾਰਕੀਟਿੰਗ ਸੈਸ਼ਨ (ਆਰਐੱਮਐੱਸ) 2026-27 ਲਈ ਨਿਯਮਾਂ ’ਚ ਛੋਟ ਦਿੱਤੀ ਗਈ ਹੈ। ਇਹ ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਇਸ ਸਬੰਧੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਤੇ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਉਪਭੋਗਤਾ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕਰ ਕੇ ਪੰਜਾਬ ਦੇ ਕਿਸਾਨਾਂ ਦੀ ਪੈਰਵੀ ਕਰਦਿਆਂ ਸੂਬੇ ਦੇ ਕਿਸਾਨਾਂ ਲਈ ਕਣਕ ਦੀ ਖ਼ਰੀਦ ਦੇ ਮੁੱਖ ਗੁਣਵੱਤ ਮਿਆਰਾਂ ’ਚ ਛੋਟ ਦੀ ਮੰਗ ਕੀਤੀ। ਕਿਸਾਨ ਮੰਡੀਆਂ ’ਚ ਆਪਣੀਆਂ ਫ਼ਸਲਾਂ ਵੇਚਣ ਲਈ ਸੰਘਰਸ਼ ਕਰ ਰਹੇ ਸਨ, ਕਿਉਂਕਿ ਮਾਰਚ-ਅਪ੍ਰੈਲ ’ਚ ਹੋਈ ਬੇਮੌਸਮੀ ਬਰਸਾਤ ਕਰ ਕੇ ਕਣਕ ਦੀ ਫ਼ਸਲ ਪ੍ਰਭਾਵਿਤ ਹੋ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਵੀ ਬੀਤੀ 9 ਅਪ੍ਰੈਲ ਨੂੰ ਬੇਨਤੀ ਪੱਤਰ ਭੇਜ ਕੇ ਕੇਂਦਰ ਸਰਕਾਰ ਤੋਂ ਕੇਂਦਰੀ ਪੂਲ ਲਈ ਕਣਕ ਦੀ ਖ਼ਰੀਦ ਦੇ ਨਿਯਮਾਂ ’ਚ ਛੋਟ ਦੇਣ ਦੀ ਅਪੀਲ ਕੀਤੀ ਸੀ। ਕੇਂਦਰੀ ਉਪਭੋਗਤਾ ਮਾਮਲੇ ਦੇ ਮੰਤਰਾਲੇ ਨੇ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਮੁਲਾਂਕਣ ਟੀਮਾਂ ਦਾ ਗਠਨ ਕੀਤਾ, ਜਿਨ੍ਹਾਂ 70 ਮੰਡੀਆਂ ਦਾ ਦੌਰਾ ਕਰ ਕੇ ਤੇ 300 ਤੋਂ ਵੱਧ ਸੈਂਪਲ ਇਕੱਠੇ ਕਰ ਕੇ ਜ਼ਮੀਨੀ ਪੱਧਰ ਤੇ ਮੁਲਾਂਕਣ ਕੀਤਾ। ਆਗੂਆਂ ਨੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਧੰਨਵਾਦ ਕੀਤਾ। ਇਹ ਕਾਰਵਾਈ ਐੱਫ਼ਸੀਆਈ ਦੇ ਅਧਿਕਾਰੀਆਂ ਵੱਲੋਂ ਕੇਂਦਰੀ ਮੰਤਰੀ ਦੇ ਨਿਰਦੇਸ਼ਾਂ ਤੇ ਕੀਤੀ ਗਈ ਫ਼ੀਲਡ ਸੈਂਪਲਿੰਗ ਤੇ ਤੁਰੰਤ ਮੁਲਾਂਕਣ ਤੇ ਆਧਾਰਤ ਸੀ। ਇਸ ਐਲਾਨ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਕੇਂਦਰੀ ਉਪਭੋਗਤਾ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਨੋਟੀਫ਼ਿਕੇਸ਼ਨ ’ਚ ਕਣਕ ਦੀ ਚਮਕ ’ਚ ਆਈ ਕਮੀ ਦੀ ਹੱਦ ’ਚ 70 ਫ਼ੀਸਦੀ ਤੱਕ ਦੀ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪੰਜਾਬ ਤੇ ਚੰਡੀਗੜ੍ਹ ਲਈ ਇਕ ਸਾਮਾਨ ਵਿਸ਼ੇਸ਼ਤਾਵਾਂ ਤਹਿਤ ਸੁੰਗੜੇ ਤੇ ਟੁੱਟੇ ਹੋਏ ਦਾਣਿਆਂ ਦੀ ਹੱਦ ਮੌਜੂਦਾ 6 ਤੋਂ ਵਧਾ ਕੇ 15 ਫ਼ੀਸਦੀ ਤੱਕ ਕਰ ਦਿੱਤੀ ਹੈ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 12 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਕਣਕ ਪਹਿਲਾਂ ਹੀ ਪੰਜਾਬ ਦੀਆਂ ਮੰਡੀਆਂ ’ਚ ਪਹੁੰਚ ਚੁੱਕੀ ਹੈ, ਇਸ ਕਰ ਕੇ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਮਿਲਿਆ ਇਹ ਸਹਿਯੋਗ ਬਹੁਤ ਵੱਡੀ ਮਦਦ ਹੈ। ਉਨ੍ਹਾਂ ਕਿਹਾ, ਕੇਂਦਰ ਨੇ ਮੁਸ਼ਕਲ ਸਮੇਂ ਵਿਚ ਹਮੇਸ਼ਾ ਪੰਜਾਬ ਦੇ ਕਿਸਾਨਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 2023 ’ਚ ਵੀ ਪੰਜਾਬ ਦੇ ਕਿਸਾਨਾਂ ਲਈ ਖ਼ਰੀਦ ਦੇ ਨਿਯਮਾਂ ਵਿਚ ਛੋਟ ਦੇਣ ਦਾ ਐਲਾਨ ਕੀਤਾ ਸੀ।