ਸਕਾਰਪੀਓ ਦੀ ਟੱਕਰ ਨਾਲ ਬਾਈਕ ਸਵਾਰ ਦੀ ਮੌਤ
ਸਕਾਰਪਿਓ ਦੀ ਟੱਕਰ ਨਾਲ ਬਾਈਕ ਸਵਾਰ ਦੀ ਮੌਤ
Publish Date: Mon, 20 Apr 2026 07:45 PM (IST)
Updated Date: Mon, 20 Apr 2026 07:48 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-4/9 ਮੋੜ ’ਤੇ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਗਈ। ਤੇਜ਼ ਰਫ਼ਤਾਰ ਸਕਾਰਪਿਓ ਦੀ ਟੱਕਰ ਨਾਲ ਇਹ ਹਾਦਸਾ ਵਾਪਰਿਆ, ਜਿਸ ਵਿੱਚ ਜ਼ਖ਼ਮੀ ਨੂੰ ਹਸਪਤਾਲ ਲੈ ਜਾਣ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚ ਸਕੀ। ਮ੍ਰਿਤਕ ਦੀ ਪਛਾਣ ਜੰਮੂ-ਕਸ਼ਮੀਰ ਵਾਸੀ ਕ੍ਰਿਸ਼ਨ ਲਾਲ ਵਜੋਂ ਹੋਈ ਹੈ। ਸੈਕਟਰ-3 ਥਾਣਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਚਸ਼ਮਦੀਦ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਸੈਕਟਰ-4 ਵਿੱਚ ਸਥਿਤ ਕੋਠੀ ਨੰਬਰ-3 ਦੇ ਬਾਹਰ ਡਿਊਟੀ ’ਤੇ ਤਾਇਨਾਤ ਸੀ। ਉਹ ਪੇਰੇਗ੍ਰਾਈਨ ਸਕਿਓਰਿਟੀ ਵਿੱਚ ਗਾਰਡ ਵਜੋਂ ਕੰਮ ਕਰਦਾ ਹੈ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਸੈਕਟਰ-4/9 ਮੋੜ ’ਤੇ ਆਈ ਅਤੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਾਈਕ ਚਾਲਕ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਅਤੇ ਨੱਕ ਤੋਂ ਖੂਨ ਵਗਣ ਲੱਗ ਪਿਆ। ਹਾਦਸੇ ਤੋਂ ਤੁਰੰਤ ਬਾਅਦ ਇੱਕ ਔਰਤ ਕਾਰ ਚਾਲਕ ਜ਼ਖ਼ਮੀ ਨੂੰ ਆਪਣੀ ਗੱਡੀ ਵਿੱਚ ਪਾ ਕੇ ਸੈਕਟਰ-16 ਸਥਿਤ ਜੀਐੱਮਐੱਸਐੱਚ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੀਸੀਆਰ ਅਤੇ ਸੈਕਟਰ-3 ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਪੁਲਿਸ ਨੇ ਮੌਕੇ ਤੋਂ ਸਕਾਰਪੀਓ ਗੱਡੀ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਨੇ ਲਖਵੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਸਕਾਰਪੀਓ ਚਾਲਕ ਪੰਚਕੂਲਾ ਵਾਸੀ ਸਾਹਿਲ ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।