ਸੋਸ਼ਲ ਮੀਡੀਆ ’ਤੇ ਫਰਜ਼ੀ ਤੇ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ’ਤੇ ਮਾਮਲਾ ਦਰਜ
ਸੋਸ਼ਲ ਮੀਡੀਆ ‘ਤੇ ਫਰਜ਼ੀ ਅਤੇ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ‘ਤੇ ਮਾਮਲਾ ਦਰਜ
Publish Date: Mon, 20 Apr 2026 07:41 PM (IST)
Updated Date: Mon, 20 Apr 2026 07:45 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੋਸ਼ਲ ਮੀਡੀਆ ’ਤੇ ਗੁੰਮਰਾਹ ਕਰਨ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ ਫੈਲਾਉਣ ਦੇ ਮਾਮਲੇ ਵਿੱਚ ਸਾਈਬਰ ਥਾਣਾ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮਦੁ ਕਿਸ਼ਵਰ ਅਤੇ ਹੋਰ ਸਬੰਧਿਤ ਸੋਸ਼ਲ ਮੀਡੀਆ ਹੈਂਡਲਜ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਕੁਝ ਸੋਸ਼ਲ ਮੀਡੀਆ ਯੂਜ਼ਰਾਂ ਵੱਲੋਂ ਇੱਕ ਵੀਡੀਓ ਨੂੰ ਗਲਤ ਪਛਾਣ ਨਾਲ ਪ੍ਰਸਾਰਿਤ ਕੀਤਾ ਗਿਆ ਅਤੇ ਉਸ ਵਿੱਚ ਅਸ਼ਲੀਲ ਅਤੇ ਗੁੰਮਰਾਹ ਕਰਨ ਵਾਲਾ ਟੈਕਸਟ ਜੋੜ ਕੇ ਵਾਇਰਲ ਕੀਤਾ ਗਿਆ, ਜਿਸ ਨਾਲ ਸਬੰਧਿਤ ਵਿਅਕਤੀ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਦੇ ਮੁਤਾਬਿਕ 19 ਅਪ੍ਰੈਲ ਨੂੰ ਇੱਕ ਸਥਾਨਕ ਵਾਸੀ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਸੋਸ਼ਲ ਮੀਡੀਆ ’ਤੇ ਕੁਝ ਪੋਸਟਾਂ ਅਤੇ ਵੀਡੀਓ ਕਲਿੱਪਾਂ ਨੂੰ ਤੋੜ-ਮਰੋੜ ਕੇ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਪੋਸਟਾਂ ਵਿੱਚ ਇਤਰਾਜ਼ਯੋਗ ਸ਼ਬਦ ਵਰਤਦੇ ਹੋਏ ਵੀਡੀਓ ਵਿੱਚ ਦਿਖ ਰਹੇ ਵਿਅਕਤੀ ਦੀ ਗਲਤ ਪਛਾਣ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ, ਜਿਸ ਤਹਿਤ ਝੂਠੇ ਇਲੈਕਟ੍ਰਾਨਿਕ ਰਿਕਾਰਡ ਤਿਆਰ ਕਰ ਕੇ ਜਾਣਬੁੱਝ ਕੇ ਗਲਤ ਜਾਣਕਾਰੀ ਫੈਲਾਈ ਗਈ। ਇਸ ਦਾ ਮਕਸਦ ਨਾ ਸਿਰਫ਼ ਸਬੰਧਿਤ ਵਿਅਕਤੀ ਦੇ ਅਕਸ ਨੂੰ ਧੁੰਦਲਾ ਕਰਨਾ ਹੈ, ਸਗੋਂ ਜਨਤਕ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਵੀ ਪ੍ਰਭਾਵਿਤ ਕਰਨਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵੀਡੀਓ ਵਿੱਚ ਦਿਖ ਰਿਹਾ ਵਿਅਕਤੀ ਇੱਕ ਟਰੈਵਲ ਵਲਾਗਰ ਹੈ। ਉਸ ਦੀ ਪਤਨੀ ਨਿਯਮਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਵੀਡੀਓ ਸਾਂਝੇ ਕਰਦੀ ਹੈ। ਜਾਂਚ ਦੌਰਾਨ ਸਬੰਧਿਤ ਔਰਤ ਨੇ ਪੁਸ਼ਟੀ ਕੀਤੀ ਕਿ ਵਾਇਰਲ ਵੀਡੀਓ ਉਸ ਦੇ ਪਤੀ ਦਾ ਹੀ ਹੈ, ਜੋ ਉਨ੍ਹਾਂ ਦੇ ਅਧਿਕਾਰਿਕ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਸੀ। ਪੁਲਿਸ ਨੇ ਵਲਾਗਰ, ਉਸ ਦੀ ਪਤਨੀ ਅਤੇ ਵੀਡੀਓ ਵਿੱਚ ਦਿਖ ਰਹੀ ਇੱਕ ਹੋਰ ਔਰਤ ਦੇ ਬਿਆਨ ਵੀ ਦਰਜ ਕਰ ਲਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 196, 318, 336(1), 336(3), 336(4), 340, 353, 356 ਦੇ ਨਾਲ-ਨਾਲ ਆਈਟੀ ਐਕਟ ਦੀਆਂ ਧਾਰਾਵਾਂ 66ਸੀ, 66ਡੀ ਅਤੇ 67 ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।