ਸੈਕਟਰ-30 ’ਚ ਨਿਰੰਕਾਰੀ ਮਹਿਲਾ ਸਮਾਗਮ ਕਰਵਾਇਆ
ਸੈਕਟਰ 30 ਵਿਚ ਨਿਰੰਕਾਰੀ ਮਹਿਲਾ ਸਮਾਗਮ ਆਯੋਜਿਤ
Publish Date: Mon, 20 Apr 2026 06:36 PM (IST)
Updated Date: Mon, 20 Apr 2026 06:39 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਸੈਕਟਰ-30 ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ’ਚ ਮਹਿਲਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੇਂਦਰੀ ਯੋਜਨਾ ਅਤੇ ਸਲਾਹਕਾਰ ਬੋਰਡ ਦੀ ਮੈਂਬਰ ਜੋਗਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦਾ ਸੰਦੇਸ਼ ਸਾਂਝਾ ਕੀਤਾ। ਮਹਿਲਾ ਸਮਾਗਮ ਵਿੱਚ ਵੱਖ-ਵੱਖ ਉਮਰ ਵਰਗ ਦੀਆਂ ਔਰਤਾਂ, ਬੱਚੀਆਂ, ਨੌਜਵਾਨ ਕੁੜੀਆਂ ਅਤੇ ਬਜ਼ੁਰਗ ਔਰਤਾਂ ਨੇ ਅਨੇਕਾਂ ਭਾਸ਼ਾਵਾਂ ਰਾਹੀਂ ਗੀਤਾਂ, ਕਵਿਤਾਵਾਂ, ਭਾਸ਼ਣਾਂ ਅਤੇ ਲਘੂ ਨਾਟਿਕਾਵਾਂ ਦੇ ਜਰੀਏ ਸਤਸੰਗ, ਸੇਵਾ ਅਤੇ ਸਿਮਰਨ ਤੋਂ ਪ੍ਰਾਪਤ ਆਪਣੇ ਅਨੁਭਵ ਭਾਵਪੂਰਨ ਢੰਗ ਨਾਲ ਪੇਸ਼ ਕੀਤੇ, ਜਿਸ ਨਾਲ ਸਾਰਾ ਮਾਹੌਲ ਭਗਤੀ ਅਤੇ ਆਨੰਦ ਨਾਲ ਭਰਪੂਰ ਹੋ ਗਿਆ। ਕੇਂਦਰੀ ਯੋਜਨਾ ਅਤੇ ਸਲਾਹਕਾਰ ਬੋਰਡ ਦੀ ਮੈਂਬਰ ਜੋਗਿੰਦਰ ਕੌਰ ਨੇ ਕਿਹਾ ਕਿ ਸਤਿਗੁਰੂ ਦਾ ਹਮੇਸ਼ਾ ਇਹੀ ਸੰਦੇਸ਼ ਰਿਹਾ ਹੈ ਕਿ ਕਿਸੇ ਵੀ ਹਾਲਤ ਵਿੱਚ ਮਨ ਦੀ ਅਵਸਥਾ ਇੱਕੋ ਜਿਹੀ ਰਹੇ। ਇਸ ਲਈ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਸੇਵਾ, ਸਿਮਰਨ ਅਤੇ ਸਤਸੰਗ ਕਰਨ ਨਾਲ ਇਹ ਰੁਕਾਵਟਾਂ ਰੁਕਾਵਟਾਂ ਨਹੀਂ ਰਹਿੰਦੀਆਂ, ਬਲਕਿ ਜੀਵਨ ਦਾ ਹਿੱਸਾ ਬਣ ਕੇ ਨਾਲ-ਨਾਲ ਚਲਦੀਆਂ ਹਨ, ਜਿਵੇਂ ਸਮੁੰਦਰ ਵਿੱਚ ਕਿਸ਼ਤੀ। ਸਤਿਗੁਰੂ ਤੋਂ ਬ੍ਰਹਮਗਿਆਨ ਪ੍ਰਾਪਤ ਕਰਨ ਤੋਂ ਬਾਅਦ ਹੀ ਅਸੀਂ ਆਪਣੇ ਵਿਸ਼ਵਾਸ ਵਿੱਚ ਵਾਧਾ ਕਰ ਸਕਦੇ ਹਾਂ ਅਤੇ ਜੀਵਨ ਸੁਗਮ ਤਰੀਕੇ ਨਾਲ ਬਤੀਤ ਕਰ ਸਕਦੇ ਹਾਂ। ਇਸ ਮੌਕੇ ਜੋਗਿੰਦਰ ਕੌਰ ਨੇ ਨੌਜਵਾਨਾਂ ਦੀ ਭੂਮਿਕਾ ਨੂੰ ਵਿਸ਼ੇਸ਼ ਮਹੱਤਵ ਦਿੰਦਿਆਂ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਵੱਲੋਂ ਵੱਖ-ਵੱਖ ਸਥਾਨਾਂ ’ਤੇ ਕਰਵਾਏ ਪ੍ਰੋਗਰਾਮਾਂ ਰਾਹੀਂ ਨੌਜਵਾਨ ਵਰਗ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਹ ਮੰਚ ਨਾ ਸਿਰਫ਼ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਨਿਖਾਰਦਾ ਹੈ, ਸਗੋਂ ਉਨ੍ਹਾਂ ਨੂੰ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਵੀ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ, ਸੰਸਕਾਰ ਅਤੇ ਅਨੁਸ਼ਾਸਨ ਦੇ ਕੇ ਉਨ੍ਹਾਂ ਨੂੰ ਕਾਮਯਾਬ ਬਣਾਉਣਾ ਚਾਹੁੰਦੇ ਹਨ, ਓਸੇ ਤਰ੍ਹਾਂ ਸਤਿਗੁਰੂ ਵੀ ਚਾਹੁੰਦੇ ਹਨ ਕਿ ਨੌਜਵਾਨ ਵਰਗ ਆਧਿਆਤਮਿਕਤਾ ਨਾਲ ਜੁੜ ਕੇ ਆਪਣੇ ਜੀਵਨ ਨੂੰ ਉੱਚ ਆਦਰਸ਼ਾਂ ਵੱਲ ਅੱਗੇ ਵਧਾਏ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਨੌਜਵਾਨ ਆਪਣੇ ਸਮੇਂ ਦਾ ਸਦੁਪਯੋਗ ਕਰਨ ਅਤੇ ਇਸਨੂੰ ਸੇਵਾ, ਸਿਮਰਨ ਅਤੇ ਸਤਿਸੰਗ ਵਿੱਚ ਲਗਾਉਣ। ਇਸ ਨਾਲ ਉਹ ਨਾ ਸਿਰਫ਼ ਮਾੜੀਆਂ ਆਦਤਾਂ ਅਤੇ ਭਟਕਾਵ ਤੋਂ ਦੂਰ ਰਹਿਣਗੇ, ਸਗੋਂ ਭਵਿੱਖ ਵਿੱਚ ਮਨੁੱਖਤਾ ਦੀ ਸੇਵਾ ਕਰਦਿਆਂ ਸਮਾਜ ਵਿੱਚ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਵੀ ਫੈਲਾਉਣਗੇ। ਇਸ ਮੌਕੇ ਚੰਡੀਗੜ੍ਹ ਦੇ ਸੰਯੋਜਕ ਨਵਨੀਤ ਪਾਠਕ ਅਤੇ ਜ਼ੋਨਲ ਇੰਚਾਰਜ ਓਪੀ ਨਿਰੰਕਾਰੀ ਨੇ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।