ਡਾ. ਬੀ.ਆਰ. ਅੰਬੇਡਕਰ ਦੀ ਜਨਮ ਜਯੰਤੀ ’ਤੇ ਸੈਮੀਨਾਰ
ਡਾ. ਬੀ.ਆਰ. ਅੰਬੇਡਕਰ ਦੀ ਜਨਮ ਜਯੰਤੀ ‘ਤੇ ਸੈਮੀਨਾਰ, ਸਮਾਜਿਕ ਸਮਾਨਤਾ ਤੇ ਭਲਾਈ ਮੁੱਦਿਆਂ ‘ਤੇ ਚਰਚਾ
Publish Date: Tue, 14 Apr 2026 08:46 PM (IST)
Updated Date: Wed, 15 Apr 2026 04:16 AM (IST)
ਸਮਾਜਿਕ ਸਮਾਨਤਾ ਤੇ ਭਲਾਈ ਮੁੱਦਿਆਂ ’ਤੇ ਚਰਚਾ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ:
ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਸੈਕਟਰ-37 ਸਥਿਤ ਡਾ. ਅੰਬੇਡਕਰ ਸਟਡੀ ਸਰਕਲ ਵਿੱਚ ਸੈਮੀਨਾਰ ਕਰਵਾ ਕੇ ਡਾ. ਬੀ.ਆਰ. ਅੰਬੇਡਕਰ ਦੀ 135ਵੀਂ ਜਨਮ ਜਯੰਤੀ ਮਨਾਈ। ਇਸ ਮੌਕੇ ਉਨ੍ਹਾਂ ਦੀ ਜ਼ਿੰਦਗੀ, ਵਿਚਾਰਧਾਰਾ ਅਤੇ ਯੋਗਦਾਨਾਂ ਨੂੰ ਯਾਦ ਕੀਤਾ ਗਿਆ ਅਤੇ ਸਮਾਜਕ ਭਲਾਈ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪਤਨੀ ਮੈਡਮ ਦਮਨਦੀਪ ਕੌਰ ਸੰਧੂ ਸ਼ਾਮਲ ਹੋਈ। ਇਸ ਦੇ ਨਾਲ ਹੀ ਮੈਡਮ ਅਨੁਰਾਧਾ ਚਾਗਤੀ, ਸਕੱਤਰ ਸਮਾਜਿਕ ਭਲਾਈ, ਚੰਡੀਗੜ੍ਹ ਪ੍ਰਸ਼ਾਸਨ ਅਤੇ ਡਾ. ਪਾਲਿਕਾ ਅਰੋੜਾ, ਡਾਇਰੈਕਟਰ ਸਮਾਜਿਕ ਭਲਾਈ ਵੀ ਮੌਜੂਦ ਰਹੇ।
ਮੁੱਖ ਸੈਮੀਨਾਰ ਤੋਂ ਇਲਾਵਾ ਸਮਾਜ ਭਲਾਈ ਵਿਭਾਗ ਵੱਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਵਿਸ਼ੇਸ਼ ਸੰਵਾਦ ਸੈਸ਼ਨਾਂ ਦੌਰਾਨ ਵਿਭਾਗ ਦੇ ਕਾਨੂੰਨੀ ਸਲਾਹਕਾਰ ਵੱਲੋਂ ਡਾ. ਅੰਬੇਡਕਰ ਦੀ ਜ਼ਿੰਦਗੀ ਦੇ ਮਕਸਦ, ਕਾਨੂੰਨੀ ਵਿਰਾਸਤ ਅਤੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਨ੍ਹਾਂ ਸੈਸ਼ਨਾਂ ਦਾ ਮਕਸਦ ਕਰਮਚਾਰੀਆਂ ਅਤੇ ਲਾਭਪਾਤਰੀਆਂ ਨੂੰ ਸੰਵਿਧਾਨਕ ਅਧਿਕਾਰਾਂ ਅਤੇ ਸਮਾਨਤਾ ਦੇ ਵਿਜ਼ਨ ਬਾਰੇ ਜਾਗਰੂਕ ਕਰਨਾ ਸੀ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸਨੇਹਾਲਯਾ (ਲੜਕੀਆਂ), ਸਨੇਹਾਲਯਾ (ਲੜਕੇ) ਅਤੇ ਓਬਜ਼ਰਵੇਸ਼ਨ ਹੋਮਾਂ ਵਿੱਚ ਰਹਿੰਦੇ ਕੁੱਲ 192 ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਸੈਮੀਨਾਰ ਦੌਰਾਨ ਬੁਲਾਰਿਆਂ ਨੇ ਡਾ. ਅੰਬੇਡਕਰ ਦੇ ਸਮਾਜਕ ਸਮਾਨਤਾ ਅਤੇ ਕਾਨੂੰਨੀ ਸਸ਼ਕਤੀਕਰਨ ਲਈ ਕੀਤੇ ਵਿਸ਼ਾਲ ਯੋਗਦਾਨਾਂ ‘ਤੇ ਚਾਨਣ ਪਾਇਆ। ਡਾ. ਅੰਬੇਡਕਰ ਸਟਡੀ ਸਰਕਲ ਦੇ ਮੈਂਬਰਾਂ ਵੱਲੋਂ ਕਈ ਮਹੱਤਵਪੂਰਨ ਮੁੱਦੇ ਵੀ ਉਠਾਏ ਗਏ, ਜਿਵੇਂ ਕਿ ਚੰਡੀਗੜ੍ਹ ਦੇ ਅਨੁਸੂਚਿਤ ਜਾਤੀਆਂ ਲਈ ਪੰਜਾਬ ਅਤੇ ਹਰਿਆਣਾ ਵਿੱਚ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਦੀ ਸਥਿਤੀ ਅਤੇ ਵੱਖ-ਵੱਖ ਵਿਭਾਗਾਂ ਵਿੱਚ ਸਿੱਧੀ ਭਰਤੀ ਅਤੇ ਤਰੱਕੀਆਂ ਵਿੱਚ ਉਨ੍ਹਾਂ ਦੀ ਯੋਗ ਪ੍ਰਤੀਨਿਧਤਾ ਯਕੀਨੀ ਬਣਾਉਣ ਦੀ ਲੋੜ।
ਇਸ ਮੌਕੇ ਮੈਡਮ ਅਨੁਰਾਧਾ ਚਾਗਤੀ ਤੇ ਡਾ. ਪਾਲਿਕਾ ਅਰੋੜਾ ਨੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਭਰੋਸਾ ਦਿੱਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਸਮਾਜ ਦੇ ਸਾਰੇ ਵਰਗਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਨਿਯਮਾਂ ਅਤੇ ਰੋਸਟਰ ਅਨੁਸਾਰ ਸਾਰੇ ਕੈਡਰਾਂ ਵਿੱਚ ਰਿਜ਼ਰਵੇਸ਼ਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ ਅਨੁਸੂਚਿਤ ਜਾਤੀਆਂ ਦੀ ਭਲਾਈ ਪ੍ਰਸ਼ਾਸਨ ਦੀ ਪਹਿਲ ਹੈ ਤੇ ਭਰਤੀ ਅਤੇ ਤਰੱਕੀ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।