ਗੋਗਾਮਾੜੀ ਮੰਦਰ ਦੀ ਦਾਨ ਪੇਟੀ ਤੋੜ ਕੇ 10 ਹਜ਼ਾਰ ਰੁਪਏ ਚੋਰੀ
ਗੋਗਾਮਾੜੀ ਮੰਦਰ ਦੀ ਦਾਨ ਪੇਟੀ ਤੋੜਕੇ 10 ਹਜ਼ਾਰ ਰੁਪਏ ਚੋਰੀ
Publish Date: Tue, 14 Apr 2026 08:37 PM (IST)
Updated Date: Wed, 15 Apr 2026 04:16 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ: ਧਨਾਸ ਇਲਾਕੇ ਵਿਚ ਗੋਗਾਮਾੜੀ ਮੰਦਰ ਵਿੱਚ ਸੋਮਵਾਰ ਦੇਰ ਰਾਤ ਇੱਕ ਨੌਜਵਾਨ ਮੰਦਰ ਵਿੱਚ ਦਾਖਲ ਹੋਇਆ ਅਤੇ ਦਾਨ ਪੇਟੀ (ਗੋਲਕ) ਦਾ ਗੱਲਾ ਤੋੜ ਕੇ ਕਰੀਬ 10 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ। ਪੂਰੀ ਘਟਨਾ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਾਰੰਗਪੁਰ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਗਾਮਾੜੀ ਦੇ ਭਗਤ ਗੁਰਵਿੰਦਰ ਸਿੰਘ ਮੁਤਾਬਕ ਘਟਨਾ ਸੋਮਵਾਰ ਤੜਕੇ ਕਰੀਬ 2 ਤੋਂ 3 ਵਜੇ ਦਰਮਿਆਨ ਦੀ ਹੈ। ਮੁਲਜ਼ਮ ਮੰਦਰ ਦੇ ਪਿੱਛੇ ਲੱਗੀ ਲੋਹੇ ਦੀ ਗ੍ਰਿੱਲ ਦੇ ਸਹਾਰੇ ਅੰਦਰਦਾਖ਼ਲ ਹੋਇਆ , ਜਿੱਥੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਸਨ। ਮੰਦਰ ਵਿੱਚ ਕੁੱਲ ਪੰਜ ਕੈਮਰੇ ਹਨ, ਪਰ ਸਾਰੇ ਅੱਗੇ ਵੱਲ ਲੱਗੇ ਹੋਏ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪਹਿਲਾਂ ਮੰਦਰ ਦੀ ਰੇਕੀ ਕੀਤੀ ਸੀ। ਉਸ ਨੂੰ ਪਤਾ ਸੀ ਕਿ ਪਿੱਛੇ ਕੈਮਰੇ ਨਹੀਂ ਹਨ। ਅੰਦਰ ਜਾਣ ਤੋਂ ਬਾਅਦ ਉਸ ਨੇ ਲੋਹੇ ਦੀ ਰਾਡ ਨਾਲ ਦਾਨ ਪੇਟੀ ਨੂੰ ਟੇਢਾ ਕਰਕੇ ਉਸ ਦਾ ਗੱਲਾ ਤੋੜਿਆ ਅਤੇ ਨਕਦੀ ਲੈ ਕੇ ਫਰਾਰ ਹੋ ਗਿਆ। ਚੋਰੀ ਦੌਰਾਨ ਮੁਲਜ਼ਮ ਨੇ ਕੈਮਰੇ ਨੂੰ ਕੱਪੜੇ ਨਾਲ ਢੱਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਇਸ ਦੌਰਾਨ ਉਸਦਾ ਚਿਹਰਾ ਸਾਫ਼ ਤੌਰ ਤੇ ਕੈਮਰੇ ਵਿੱਚ ਕੈਦ ਹੋ ਗਿਆ, ਜਿਸ ਨਾਲ ਪੁਲਿਸ ਨੂੰ ਉਸਦੀ ਪਛਾਣ ਵਿੱਚ ਮਦਦ ਮਿਲ ਰਹੀ ਹੈ। ਮੁਲਜ਼ਮ ਨੇ ਮੰਦਰ ਦੇ ਸਟੋਰ ਰੂਮ ਵਿੱਚ ਵੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਤਾਲਾ ਤੋੜਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਸਟੋਰ ਵਿੱਚ ਰੱਖਿਆ ਸਮਾਨ ਸੁਰੱਖਿਅਤ ਰਹਿ ਗਿਆ। ਭਗਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਦਿਖ ਰਿਹਾ ਮੁਲਜ਼ਮ ਰਾਮੂ ਨਾਂ ਦਾ ਵਿਅਕਤੀ ਹੈ, ਜੋ ਪੇਸ਼ੇ ਨਾਲ ਪੇਂਟਰ ਹੈ ਅਤੇ ਕਰੀਬ ਤਿੰਨ ਸਾਲ ਪਹਿਲਾਂ ਮੰਦਰ ਵਿੱਚ ਪੇਂਟ ਦਾ ਕੰਮ ਕਰ ਚੁੱਕਾ ਹੈ। ਉਸ ਨੇ ਉਨ੍ਹਾਂ ਦੇ ਘਰ ਵਿੱਚ ਵੀ ਕੰਮ ਕੀਤਾ ਸੀ। ਮੁਲਜ਼ਮ ਧਨਾਸ ਇਲਾਕੇ ਵਿੱਚ ਕਿਰਾਏ ਤੇ ਰਹਿੰਦਾ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਉਹ ਦਿਖਾਈ ਨਹੀਂ ਦੇ ਰਿਹਾ। ਸ਼ੱਕ ਹੈ ਕਿ ਉਹ ਕਮਰਾ ਛੱਡ ਕੇ ਫਰਾਰ ਹੋ ਚੁੱਕਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਹੋ ਚੁੱਕੀ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।