9ਵੀ ਤੋਂ 12ਵੀਂ ਤੱਕ ਦੇ ਵਿਦਿਆਰਥੀ ਬਿਨਾਂ ਕਿਤਾਬਾਂ ਤੇ ਵੋਕੇਸ਼ਨਲ ਅਧਿਆਪਕਾਂ ਦੇ, ਪੜ੍ਹਾਈ ’ਤੇ ਸਵਾਲ
ਨੌਂਵੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਬਿਨਾਂ ਕਿਤਾਬਾਂ ਤੇ ਵੋਕੇਸ਼ਨਲ ਅਧਿਆਪਕਾਂ ਦੇ
Publish Date: Tue, 14 Apr 2026 08:32 PM (IST)
Updated Date: Wed, 15 Apr 2026 04:15 AM (IST)

ਸੁਮੇਸ਼ ਠਾਕੁਰ, ਪੰਜਾਬੀ ਜਾਗਰਣ, ਚੰਡੀਗੜ੍ਹ: ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਨਾਲ ਹੀ ਵੱਡੀ ਪ੍ਰਸ਼ਾਸਨਿਕ ਖਾਮੀ ਸਾਹਮਣੇ ਆਈ ਹੈ। ਨੌਂਵੀ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਕੋਲ ਨਾ ਤਾਂ ਕਿਤਾਬਾਂ ਹਨ ਅਤੇ ਨਾ ਹੀ ਵੋਕੇਸ਼ਨਲ ਵਿਸ਼ਿਆਂ ਲਈ ਅਧਿਆਪਕ ਉਪਲਬਧ ਹਨ। ਅਜਿਹੇ ਹਾਲਾਤਾਂ ਵਿੱਚ ਪੜ੍ਹਾਈ ਕਿਵੇਂ ਹੋਵੇਗੀ, ਇਹ ਸਭ ਤੋਂ ਵੱਡਾ ਸਵਾਲ ਬਣ ਗਿਆ ਹੈ। ਸਕੂਲਾਂ ਵਿੱਚ ਵਿਦਿਆਰਥੀ ਨਿਯਮਿਤ ਤੌਰ ’ਤੇ ਆ ਰਹੇ ਹਨ, ਪਰ ਬਿਨਾਂ ਸਟਡੀ ਮੈਟੀਰੀਅਲ ਦੇ ਸਿੱਖਿਆ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਇਸ ਵਾਰ ਪਹਿਲੀ ਵਾਰ ਨੌਂਵੀ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਗਈ ਸੀ। ਇਹ ਕਿਤਾਬਾਂ ਨੇਸ਼ਨਲ ਕਾਊਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਤੋਂ ਖਰੀਦਣ ਲਈ ਲਗਭਗ ਚਾਰ ਕਰੋੜ ਰੁਪਏ ਦਾ ਬਜਟ ਵੀ ਤੈਅ ਕੀਤਾ ਗਿਆ ਸੀ। ਹਾਲਾਂਕਿ ਸੈਸ਼ਨ ਨੂੰ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਵੀ ਕਿਤਾਬਾਂ ਸਕੂਲਾਂ ਤੱਕ ਨਹੀਂ ਪਹੁੰਚ ਸਕੀਆਂ। ਇਸ ਕਾਰਨ ਵਿਦਿਆਰਥੀਆਂ ਨਾਲ ਨਾਲ ਸਕੂਲ ਪ੍ਰਿੰਸਿਪਲ ਅਤੇ ਹੈੱਡਮਾਸਟਰ ਵੀ ਚਿੰਤਤ ਹਨ। ਜਾਣਕਾਰੀ ਮੁਤਾਬਕ ਨੌਂਵੀ ਤੋਂ ਬਾਰ੍ਹਵੀਂ ਕਲਾਸ ਵਿੱਚ ਕਰੀਬ 30 ਤੋਂ 32 ਹਜ਼ਾਰ ਵਿਦਿਆਰਥੀ ਦਰਜ ਹਨ, ਜੋ ਇਸ ਸਮੇਂ ਬਿਨਾਂ ਕਿਤਾਬਾਂ ਦੇ ਪੜ੍ਹਾਈ ਕਰਨ ਲਈ ਮਜਬੂਰ ਹਨ। ਦੂਜੇ ਪਾਸੇ ਵੋਕੇਸ਼ਨਲ ਐਜੂਕੇਸ਼ਨ ਦੇ ਤਹਿਤ ਨੌਂਵੀ ਅਤੇ ਦਸਵੀਂ ਕਲਾਸ ਵਿੱਚ ਕਈ ਕੋਰਸ ਸ਼ੁਰੂ ਕੀਤੇ ਗਏ ਹਨ, ਜਿਵੇਂ ਕਿ ਕੰਪਿਊਟਰ ਸਾਇੰਸ, ਬਿਊਟੀ ਐਂਡ ਵੈਲਨੈੱਸ, ਫੂਡ ਪ੍ਰੋਡਕਸ਼ਨ, ਆਟੋਮੋਬਾਈਲ, ਰਿਟੇਲ ਅਤੇ ਆਰਟੀਫੀਸ਼ਲ ਇੰਟੈਲੀਜੈਂਸ। ਪਰ ਇਨ੍ਹਾਂ ਵਿਸ਼ਿਆਂ ਲਈ ਅਧਿਆਪਕਾਂ ਦੀ ਭਰਤੀ ਅਜੇ ਤੱਕ ਨਹੀਂ ਹੋ ਸਕੀ। ਇਸ ਦਾ ਮੁੱਖ ਕਾਰਨ 11 ਮਹੀਨੇ ਦੇ ਕਾਂਟ੍ਰੈਕਟ ਦੀ ਅਸਪਸ਼ਟਤਾ ਦੱਸਿਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਵੋਕੇਸ਼ਨਲ ਅਧਿਆਪਕਾਂ ਦੀ ਨਿਯੁਕਤੀ ਬਾਰੇ ਸਪਸ਼ਟ ਹਦਾਇਤਾਂ ਨਾ ਮਿਲਣ ਕਾਰਨ ਅਪ੍ਰੈਲ ਮਹੀਨੇ ਵਿੱਚ ਜੁਆਇਨਿੰਗ ਨਹੀਂ ਕਰਵਾਈ ਗਈ। ਇਸ ਨਾਲ ਵੋਕੇਸ਼ਨਲ ਵਿਸ਼ਿਆਂ ਵਿੱਚ ਦਾਖਲਾ ਲੈ ਚੁੱਕੇ ਵਿਦਿਆਰਥੀ ਬਿਨਾਂ ਅਧਿਆਪਕਾਂ ਦੇ ਹੀ ਪੜ੍ਹਾਈ ਕਰਨ ਲਈ ਮਜਬੂਰ ਹਨ। ਪਿਛਲੇ ਸਾਲ ਜੁਲਾਈ-ਅਗਸਤ ਵਿੱਚ ਪ੍ਰਸ਼ਾਸਕ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਦੇਣ ਦੀ ਸਿਫਾਰਿਸ਼ ਕੀਤੀ ਗਈ ਸੀ, ਜਿਸ ਨੂੰ ਨਵੰਬਰ ਵਿੱਚ ਅੰਤਿਮ ਰੂਪ ਦਿੱਤਾ ਗਿਆ। ਹਾਲਾਂਕਿ ਵੱਖ-ਵੱਖ ਵਿਭਾਗਾਂ ਵੱਲੋਂ ਬਜਟ ਮਨਜ਼ੂਰੀ ਵਿੱਚ ਹੋਈ ਦੇਰੀ ਕਾਰਨ ਮਾਰਚ ਦੇ ਅੰਤ ਤੱਕ ਇਹ ਯੋਜਨਾ ਲਟਕੀ ਰਹੀ। ਬਾਅਦ ਵਿੱਚ ਅਪ੍ਰੈਲ ਦੀ ਸ਼ੁਰੂਆਤ ਵਿੱਚ ਐਨਸੀਈਆਰਟੀ ਨੂੰ ਕਿਤਾਬਾਂ ਲਈ ਅਪੀਲ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇਵੇਂਦਰ ਸ਼ਰਮਾ ਦੇ ਮੁਤਾਬਕ 20 ਅਪ੍ਰੈਲ ਤੋਂ ਪਹਿਲਾਂ ਕਿਤਾਬਾਂ ਸਕੂਲਾਂ ਵਿੱਚ ਪਹੁੰਚ ਜਾਣਗੀਆਂ। ਉਨ੍ਹਾਂ ਕਿਹਾ ਕਿ ਵੋਕੇਸ਼ਨਲ ਅਧਿਆਪਕਾਂ ਦੀ ਭਰਤੀ ਬਾਰੇ ਸਥਿਤੀ ਸਪਸ਼ਟ ਨਹੀਂ ਹੈ, ਪਰ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਹੈ।