ਸ਼ਹਿਰ ’ਚ ਭਲਕੇ ਤੋਂ ਹੋਵੇਗੀ ਮਰਦਮਸ਼ੁਮਾਰੀ ਦੀ ਸ਼ੁਰੂਆਤ
ਸ਼ਹਿਰ ਵਿਚ 16 ਅਪ੍ਰੈਲ ਤੋਂ ਹੋਵੇਗੀ ਮਰਦਮਸ਼ੁਮਾਰੀ ਦੀ ਸ਼ੁਰੂਆਤ
Publish Date: Tue, 14 Apr 2026 07:59 PM (IST)
Updated Date: Wed, 15 Apr 2026 04:15 AM (IST)

ਬਿਨਾਂ ਦਸਤਾਵੇਜ਼ ਤੇ ਓਟੀਪੀ ਹੋਵੇਗਾ ਸਰਵੇ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ ਸ਼ਹਿਰ ਵਿੱਚ ਮਰਦਮਸ਼ੁਮਾਰੀ (ਜਨਗਣਨਾ) ਦੋ ਪੜਾਵਾਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਪੜਾਅ 16 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ ਜੋ ਕਿ 30 ਅਪ੍ਰੈਲ ਤੱਕ ਚੱਲੇਗਾ। ਮਰਦਮਸ਼ੁਮਾਰੀ ਦੌਰਾਨ ਕੋਈ ਵੀ ਤੁਹਾਡੇ ਕੋਲੋਂ ਕੋਈ ਦਸਤਾਵੇਜ਼ ਨਹੀਂ ਮੰਗੇਗਾ ਅਤੇ ਨਾ ਹੀ ਕੋਈ ਓਟੀਪੀ ਮੰਗਿਆ ਜਾਵੇਗਾ। ਇਸ ਦੌਰਾਨ ਲੋਕ ਖੁਦ ਹੀ (ਸਵੈ-ਗਣਨਾ) ਪੋਰਟਲ ‘ਤੇ ਪੁੱਛੇ ਗਏ 33 ਸਵਾਲਾਂ ਦੇ ਜਵਾਬ ਦੇਣਗੇ। ਇਹ ਪੋਰਟਲ 30 ਅਪ੍ਰੈਲ ਤੱਕ ਖੁੱਲ੍ਹਾ ਰਹੇਗਾ, ਇਸ ਤੋਂ ਬਾਅਦ ਇਹ ਬੰਦ ਹੋ ਜਾਵੇਗਾ। ਜਦਕਿ 1 ਮਈ ਤੋਂ ਘਰ-ਘਰ ਮਰਦਮਸ਼ੁਮਾਰੀ ਸ਼ੁਰੂ ਹੋਵੇਗੀ, ਜਿਸ ਤਹਿਤ ਪ੍ਰਸ਼ਾਸਨ ਦੇ ਕਰਮਚਾਰੀ ਤੁਹਾਡੇ ਘਰ ਆਉਣਗੇ। ਇਹ ਪ੍ਰਕਿਰਿਆ 30 ਮਈ ਤੱਕ ਚੱਲੇਗੀ। ਪ੍ਰਸ਼ਾਸਨ ਦੇ ਅਨੁਸਾਰ ਜੋ ਲੋਕ ਪਹਿਲੇ ਪੜਾਅ ਵਿੱਚ ਸ਼ਾਮਲ ਹੋ ਕੇ ਖੁਦ ਹੀ ਆਨਲਾਈਨ ਜਾਣਕਾਰੀ ਦੇਣਗੇ, ਉਨ੍ਹਾਂ ਦੇ ਘਰ 1 ਮਈ ਤੋਂ ਬਾਅਦ ਆਉਣ ਵਾਲੇ ਕਰਮਚਾਰੀ ਜਲਦੀ ਆਪਣਾ ਕੰਮ ਕਰ ਲੈਣਗੇ। ਜੇਕਰ ਕੋਈ ਸਵੈ-ਗਣਨਾ ਵਿੱਚ ਸ਼ਾਮਲ ਨਹੀਂ ਹੁੰਦਾ, ਤਾਂ ਕਰਮਚਾਰੀ ਉਸਦੇ ਘਰ ਜਾ ਕੇ 33 ਸਵਾਲ ਪੁੱਛਣਗੇ ਅਤੇ ਇਸ ਲਈ ਵੱਧ ਸਮਾਂ ਲੱਗ ਸਕਦਾ ਹੈ। ਮੰਗਲਵਾਰ ਨੂੰ ਮਰਦਮਸ਼ੁਮਾਰੀ ਸੰਚਾਲਕ ਦੇ ਨਿਰਦੇਸ਼ਕ ਡਾ. ਨਵਜੋਤ ਖੋਸਾ ਅਤੇ ਡੀਸੀ ਨਿਸ਼ਾਂਤ ਯਾਦਵ ਨੇ ਪ੍ਰੈੱਸ ਮਿਲਣੀ ਕਰ ਕੇ ਮਰਦਮਸ਼ੁਮਾਰੀ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਨਗਣਨਾ 2027 ਵਿਸ਼ਵ ਦੇ ਸਭ ਤੋਂ ਵੱਡੇ ਪ੍ਰਸ਼ਾਸਕੀ ਅਭਿਆਨਾਂ ਵਿੱਚੋਂ ਇੱਕ ਹੈ ਅਤੇ ਇਹ ਦੇਸ਼ ਦੀ 16ਵੀਂ ਅਤੇ ਆਜ਼ਾਦੀ ਤੋਂ ਬਾਅਦ 8ਵੀਂ ਜਨਗਣਨਾ ਹੋਵੇਗੀ। ਜਦਕਿ ਦੂਜਾ ਪੜਾਅ , ਆਬਾਦੀ ਗਿਣਤੀ ਫਰਵਰੀ 2027 ਵਿੱਚ ਕਰਵਾਈ ਜਾਵੇਗੀ। ਪਹਿਲੇ ਪੜਾਅ ਵਿੱਚ ਰਿਹਾਇਸ਼ ਦੀ ਸਥਿਤੀ, ਉਪਲਬਧ ਸਹੂਲਤਾਂ ਅਤੇ ਜਾਇਦਾਦ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਜੋ ਦੂਜੇ ਪੜਾਅ ਲਈ ਅਧਾਰ ਬਣੇਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜਨਗਣਨਾ ਦੌਰਾਨ ਕਿਸੇ ਵੀ ਨਾਗਰਿਕ ਤੋਂ ਕੋਈ ਦਸਤਾਵੇਜ਼, ਓਟੀਪੀ, ਆਧਾਰ ਕਾਰਡ ਜਾਂ ਪੈਨ ਕਾਰਡ ਨਹੀਂ ਮੰਗਿਆ ਜਾਵੇਗਾ। ਬਾਕਸ-- ਮਰਦਮਸ਼ੁਮਾਰੀ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ ਇਸ ਵਾਰ ਜਨਗਣਨਾ ਨੂੰ ਡਿਜ਼ੀਟਲ ਰੂਪ ਦਿੱਤਾ ਗਿਆ ਹੈ। ਲੋਕ ਆਨਲਾਈਨ ਪੋਰਟਲ ਰਾਹੀਂ ਆਪਣੀ ਜਾਣਕਾਰੀ ਖੁਦ ਭਰ ਸਕਣਗੇ ਅਤੇ ਇੱਕ ਯੂਨੀਕ ਆਈਡੀ ਪ੍ਰਾਪਤ ਕਰਨਗੇ। ਨਾਲ ਹੀ ਮੋਬਾਈਲ ਐਪਲੀਕੇਸ਼ਨ ਅਤੇ ਰੀਅਲ-ਟਾਈਮ ਮਾਨੀਟਰਿੰਗ ਸਿਸਟਮ ਰਾਹੀਂ ਪੂਰੀ ਪ੍ਰਕਿਰਿਆ ‘ਤੇ ਨਿਗਰਾਨੀ ਰੱਖੀ ਜਾਵੇਗੀ। ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਜਨਗਣਨਾ ਦੌਰਾਨ ਇਕੱਠੀ ਕੀਤੀ ਜਾਣ ਵਾਲੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ ਸਿਰਫ਼ ਅੰਕੜਿਆਂ ਦੇ ਉਦੇਸ਼ਾਂ ਲਈ ਵਰਤੀ ਜਾਵੇਗੀ। ਇਸ ਕੰਮ ਲਈ 2045 ਹਾਊਸ ਲਿਸਟਿੰਗ ਬਲਾਕ ਬਣਾਏ ਗਏ ਹਨ ਅਤੇ 2250 ਗਣਨਾਕਾਰ ਅਤੇ 375 ਨਿਗਰਾਨ ਨਿਯੁਕਤ ਕੀਤੇ ਗਏ ਹਨ। ਜਨਗਣਨਾ ਦੇ ਨਾਮ ‘ਤੇ ਕਿਸੇ ਵੀ ਤਰ੍ਹਾਂ ਦੀ ਠੱਗੀ ਜਾਂ ਫਰਜ਼ੀ ਕਾਲ ਤੋਂ ਸਾਵਧਾਨ ਰਹੋ, ਕਿਉਂਕਿ ਇਸ ਪ੍ਰਕਿਰਿਆ ਵਿੱਚ ਕੋਈ ਵੀ ਦਸਤਾਵੇਜ਼ ਜਾਂ ਓਟੀਪੀ ਨਹੀਂ ਮੰਗਿਆ ਜਾਂਦਾ। ਬਾਕਸ-- ਕੋਈ ਵੀ ਸਵਾਲ ਹੋਵੇ ਤਾਂ ਇੱਥੇ ਕਰੋ ਫੋਨ ਡੀਸੀ ਨਿਸ਼ਾਂਤ ਯਾਦਵ ਨੇ ਕਿਹਾ ਕਿ ਲੋਕ ਸਹੀ ਜਾਣਕਾਰੀ ਦੇਣ ਅਤੇ ਗਣਨਾਕਾਰਾਂ ਦਾ ਸਹਿਯੋਗ ਕਰਨ। ਸਹਾਇਤਾ ਲਈ 16 ਅਪ੍ਰੈਲ 2026 ਤੋਂ ਟੋਲ-ਫ੍ਰੀ ਨੰਬਰ 1855 ਸ਼ੁਰੂ ਕੀਤਾ ਜਾਵੇਗਾ, ਜਿੱਥੇ ਲੋਕ ਆਪਣੇ ਸਵਾਲ ਜਾਂ ਸ਼ਿਕਾਇਤ ਦਰਜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਨਗਣਨਾ ਸਿਰਫ਼ ਅੰਕੜਿਆਂ ਦਾ ਇਕੱਠ ਨਹੀਂ, ਸਗੋਂ ਦੇਸ਼ ਦੇ ਵਿਕਾਸ ਅਤੇ ਯੋਜਨਾਵਾਂ ਲਈ ਮਜ਼ਬੂਤ ਨੀਂਹ ਹੈ। ਬਾਕਸ-- 2011 ਤੋਂ ਬਾਅਦ ਹੁਣ ਹੋ ਰਹੀ ਹੈ ਜਨਗਣਨਾ ਭਾਰਤ ਦੀ ਜਨਗਣਨਾ, ਜੋ ਕਿ ਜਨਗਣਨਾ ਐਕਟ 1948 ਅਤੇ ਜਨਗਣਨਾ ਨਿਯਮ 1990 ਅਧੀਨ ਚਲਾਈ ਜਾਂਦੀ ਹੈ, ਵਿਸ਼ਵ ਦੇ ਸਭ ਤੋਂ ਵੱਡੇ ਪ੍ਰਸ਼ਾਸਕੀ ਅਭਿਆਸਾਂ ਵਿੱਚੋਂ ਇੱਕ ਹੈ। ਜਨਗਣਨਾ 2027 ਦੇਸ਼ ਦੀ 16ਵੀਂ ਅਤੇ ਆਜ਼ਾਦੀ ਤੋਂ ਬਾਅਦ 8ਵੀਂ ਜਨਗਣਨਾ ਹੋਵੇਗੀ। ਪਿਛਲੀ ਜਨਗਣਨਾ 2011 ਵਿੱਚ ਹੋਈ ਸੀ, ਜਦਕਿ 2021 ਦੀ ਜਨਗਣਨਾ ਕੋਵਿਡ-19 ਮਹਾਮਾਰੀ ਕਾਰਨ ਟਾਲ ਦਿੱਤੀ ਗਈ ਸੀ ਸ਼ਹਿਰ ਵਿੱਚ 35 ਵਾਰਡ ਹਨ ਅਤੇ 16 ਅਪ੍ਰੈਲ ਤੋਂ ਜਨਗਣਨਾ ਕਰਨ ਵਾਲੇ ਕਰਮਚਾਰੀਆਂ ਦੀ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ। ਬਾਕਸ-- ਪੋਰਟਲ ਰਾਹੀਂ ਖੁਦ ਦਿਓ ਜਾਣਕਾਰੀ ਜਨਗਣਨਾ 2027 ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਪਹਿਲੀ ਵਾਰ ਮੋਬਾਈਲ ਐਪਲੀਕੇਸ਼ਨ ਰਾਹੀਂ ਡਿਜ਼ੀਟਲ ਜਨਗਣਨਾ, ਆਨਲਾਈਨ ਪੋਰਟਲ ਰਾਹੀਂ ਸਵੈ-ਗਣਨਾ ਦੀ ਸੁਵਿਧਾ, ਜਨਗਣਨਾ ਪ੍ਰਬੰਧਨ ਅਤੇ ਨਿਗਰਾਨੀ ਸਿਸਟਮ ਰਾਹੀਂ ਰੀਅਲ-ਟਾਈਮ ਮਾਨੀਟਰਿੰਗ ਅਤੇ ਵੈੱਬ-ਆਧਾਰਿਤ ਮੈਪਿੰਗ ਰਾਹੀਂ ਹਾਊਸ ਲਿਸਟਿੰਗ ਬਲਾਕਾਂ ਦੀ ਤਿਆਰੀ ਸ਼ਾਮਲ ਹੈ। ਨਾਗਰਿਕ ਨਿਰਧਾਰਿਤ ਸਮੇਂ ਦੌਰਾਨ ਅਧਿਕਾਰਿਕ ਪੋਰਟਲ https://se.census.gov.in ‘ਤੇ ਜਾ ਕੇ ਸਵੈ-ਗਣਨਾ ਕਰ ਸਕਦੇ ਹਨ। ਜਾਣਕਾਰੀ ਸਬਮਿਟ ਕਰਨ ਤੋਂ ਬਾਅਦ ਇੱਕ ਯੂਨੀਕ ਐਸਈ ਆਈਡੀ ਜਨਰੇਟ ਹੋਵੇਗੀ, ਜਿਸ ਨੂੰ ਫੀਲਡ ਵੈਰੀਫਿਕੇਸ਼ਨ ਦੌਰਾਨ ਗਣਨਾਕਾਰ ਨੂੰ ਦਿਖਾਉਣਾ ਹੋਵੇਗਾ। ਬਾਕਸ-- ਇਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਸ਼ਹਿਰਵਾਸੀ ਤਿਆਰ ਰਹਿਣ। ਇਸ ਦੌਰਾਨ ਮਕਾਨ, ਪਰਿਵਾਰ, ਉਨ੍ਹਾਂ ਨਾਲ ਸਬੰਧਤ ਜਾਇਦਾਦ ਅਤੇ ਉਪਲਬਧ ਬੁਨਿਆਦੀ ਸਹੂਲਤਾਂ ਬਾਰੇ ਸਵਾਲ ਪੁੱਛੇ ਜਾਣਗੇ। ਜਿਵੇਂ ਕਿ ਰੇਡੀਓ, ਟ੍ਰਾਂਜ਼ਿਸਟਰ, ਟੈਲੀਵਿਜ਼ਨ, ਇੰਟਰਨੈੱਟ ਸਹੂਲਤ, ਲੈਪਟਾਪ, ਟੈਲੀਫੋਨ, ਮੋਬਾਈਲ ਫੋਨ, ਸਮਾਰਟਫੋਨ ਅਤੇ ਵਾਹਨ ਬਾਰੇ ਜਾਣਕਾਰੀ ਲਈ ਪੁੱਛਿਆ ਜਾਵੇਗਾ। ਪੂਰੇ ਸ਼ਹਿਰ ਨੂੰ ਜਨਗਣਨਾ ਲਈ 10 ਹਿੱਸਿਆਂ ’ਚ ਵੰਡਿਆ ਗਿਆ ਹੈ।