ਮੇਅਰ ਵੱਲੋਂ 30 ਅਪ੍ਰੈਲ ਤੱਕ ਡੱਡੂਮਾਜਰਾ ਡੰਪਿੰਗ ਗਰਾਊਂਡ ਤੋਂ ਕਚਰਾ ਹਟਾਉਣ ਦੇ ਨਿਰਦੇਸ਼
ਮੇਅਰ ਵੱਲੋਂ 30 ਅਪ੍ਰੈਲ ਤੱਕ ਡੱਡੂਮਾਜਰਾ ਡੰਪਿੰਗ ਗ੍ਰਾਊਂਡ ਤੋਂ ਕਚਰਾ ਹਟਾਉਣ ਦੇ ਨਿਰਦੇਸ਼
Publish Date: Mon, 13 Apr 2026 08:28 PM (IST)
Updated Date: Mon, 13 Apr 2026 08:31 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ਤੋਂ ਪੁਰਾਣਾ ਕਚਰਾ ਹਟਾਇਆ ਨਹੀਂ ਜਾ ਰਿਹਾ ਅਤੇ ਸਿਰਫ਼ ਸਮਾਂ ਹੀ ਅੱਗੇ ਵਧਾਇਆ ਜਾ ਰਿਹਾ ਹੈ। ਜਿਸ ਨੂੰ ਵੇਖਦੇ ਹੋਏ ਮੇਅਰ ਸੌਰਭ ਜੋਸ਼ੀ ਨੇ ਹੁਣ ਡੰਪਿੰਗ ਗਰਾਊਂਡ ’ਤੇ ਇਕੱਠੇ ਪੁਰਾਣੇ ਕਚਰੇ ਨੂੰ ਹਟਾਉਣ ਲਈ ਅੰਤਿਮ ਮਿਆਦ 30 ਅਪ੍ਰੈਲ ਨਿਰਧਾਰਤ ਕੀਤੀ ਗਈ ਹੈ। ਮੇਅਰ ਨੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਸਮਾਂ-ਸੀਮਾ ਦਿੱਤੀ ਹੈ। ਸੋਮਵਾਰ ਨੂੰ ਮੇਅਰ ਜੋਸ਼ੀ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਸਾਈਟ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ 30 ਅਪ੍ਰੈਲ ਤੱਕ ਹਰ ਹਾਲਤ ਵਿੱਚ ਇੱਥੇ ਇਕੱਠੇ ਲੈਗੇਸੀ ਕਚਰੇ ਦਾ ਬਾਇਓ-ਮਾਈਨਿੰਗ ਰਾਹੀਂ ਪੂਰੀ ਤਰ੍ਹਾਂ ਨਿਪਟਾਰਾ ਕੀਤਾ ਜਾਵੇ। ਨਿਰੀਖਣ ਦੌਰਾਨ ਮੇਅਰ ਨੇ ਚੱਲ ਰਹੇ ਬਾਇਓ-ਮਾਈਨਿੰਗ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਕੰਮ ਦੀ ਹੌਲੀ ਰਫ਼ਤਾਰ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਡੱਡੂਮਾਜਰਾ ਖੇਤਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ’ਤੇ ਲੰਮੇ ਸਮੇਂ ਤੋਂ ਪੈ ਰਹੇ ਵਾਤਾਵਰਣ ਦੇ ਪ੍ਰਭਾਵ ਨੂੰ ਦੇਖਦੇ ਹੋਏ ਹੁਣ ਕਿਸੇ ਵੀ ਕਿਸਮ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 24 ਘੰਟੇ ਬਾਇਓ-ਮਾਈਨਿੰਗ ਦੇ ਹੁਕਮ : ਮੇਅਰ ਨੇ ਨਗਰ ਨਿਗਮ ਦੇ ਮੁੱਖ ਇੰਜੀਨੀਅਰ ਸੰਜੇ ਅਰੋੜਾ ਨੂੰ ਹੁਕਮ ਦਿੱਤੇ ਕਿ ਟਾਰਗੇਟ ਨੂੰ ਸਮੇਂ ਸਿਰ ਪੂਰਾ ਕਰਨ ਲਈ 24 ਘੰਟੇ ਕੰਮ ਕਰਵਾਇਆ ਜਾਵੇ। ਇਸ ਲਈ ਵਾਧੂ ਮਸ਼ੀਨਰੀ ਅਤੇ ਮਨੁੱਖੀ ਸਰੋਤ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੂਰਾ ਕੰਮ ਵਿਗਿਆਨਕ ਅਤੇ ਵਾਤਾਵਰਣ ਦੇ ਮਾਪਦੰਡਾਂ ਅਨੁਸਾਰ ਕੀਤਾ ਜਾਵੇ। ਸੌਰਭ ਜੋਸ਼ੀ ਨੇ ਸਪੱਸ਼ਟ ਕੀਤਾ ਕਿ ਡੱਡੂਮਾਜਰਾ ਡੰਪਿੰਗ ਗਰਾਊਂਡ ਦੀ ਸਫ਼ਾਈ ਨਗਰ ਨਿਗਮ ਦੀ ਸਭ ਤੋਂ ਵੱਡੀ ਪਹਿਲ ਹੈ। ਇਸ ਲਈ ਰੋਜ਼ਾਨਾ ਕੰਮ ਦੀ ਨਿਗਰਾਨੀ ਕੀਤੀ ਜਾਵੇ ਅਤੇ ਪ੍ਰਗਤੀ ਦੀ ਨਿਯਮਿਤ ਰਿਪੋਰਟ ਪੇਸ਼ ਕੀਤੀ ਜਾਵੇ, ਤਾਂ ਜੋ ਪਾਰਦਰਸ਼ਤਾ ਬਣੀ ਰਹੇ। ਮੁੱਖ ਇੰਜੀਨੀਅਰ ਨੇ ਮੇਅਰ ਨੂੰ ਭਰੋਸਾ ਦਿਵਾਇਆ ਕਿ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਨਿਰਧਾਰਿਤ ਸਮੇਂ ਅੰਦਰ ਟਾਰਗੇਟ ਹਾਸਲ ਕਰ ਲਿਆ ਜਾਵੇਗਾ।