ਨਕਦੀ ਝਪਟ ਕੇ ਬਾਈਕ ਸਵਾਰ ਝਪਟਮਾਰ ਫ਼ਰਾਰ
10 ਹਜ਼ਾਰ ਝਪਟ ਕੇ ਨੌਜਵਾਨ ਬਾਈਕ ‘ ਤੇ ਹੋਏ ਫ਼ਰਾਰ
Publish Date: Mon, 13 Apr 2026 08:08 PM (IST)
Updated Date: Mon, 13 Apr 2026 08:13 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਬਾਈਕ ’ਤੇ ਸਵਾਰ ਦੋ ਨੌਜਵਾਨਾਂ ਨੇ ਰਾਹ ਪੁੱਛਣ ਦੇ ਬਹਾਨੇ ਇਕ ਸੁਰੱਖਿਆ ਮੁਲਾਜ਼ਮ ਦੀ ਜੇਬ ਵਿੱਚੋਂ 10 ਹਜ਼ਾਰ ਰੁਪਏ ਝਪਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੀੜਤ ਨੇ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਨੌਜਵਾਨ ਤੇਜ਼ੀ ਨਾਲ ਭੱਜਣ ਵਿਚ ਕਾਮਯਾਬ ਹੋ ਗਏ। ਸੈਕਟਰ-52 ਵਾਸੀ ਸਿਆਰਾਮ ਨੇ ਦੱਸਿਆ ਕਿ ਉਹ ਸੈਕਟਰ-17 ਵਿੱਚ ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਹੈ। ਉਹ ਸੋਮਵਾਰ ਦੁਪਹਿਰ ਆਪਣੀ ਪਤਨੀ ਨੂੰ ਲੈਣ ਲਈ ਸੈਕਟਰ-51 ਸਥਿਤ ਬੁੜੈਲ ਜੇਲ੍ਹ ਦੇ ਸਾਹਮਣੇ ਗਿਆ ਸੀ। ਉਸ ਦੀ ਪਤਨੀ ਨੇ ਉਸ ਨੂੰ ਕੁਝ ਸਮਾਂ ਉਡੀਕ ਕਰਨ ਲਈ ਕਿਹਾ, ਜਿਸ ’ਤੇ ਉਹ ਉੱਥੇ ਹੀ ਬੈਠ ਕੇ ਉਸ ਦੀ ਉਡੀਕ ਕਰਨ ਲੱਗ ਪਿਆ। ਸਿਆਰਾਮ ਨੇ ਦੱਸਿਆ ਕਿ ਉਸ ਨੂੰ ਮੋਬਾਈਲ ਫੋਨ ਖਰੀਦਣਾ ਸੀ, ਜਿਸ ਲਈ ਉਸ ਨੇ ਆਪਣੀ ਕਮੀਜ਼ ਦੀ ਉੱਪਰਲੀ ਜੇਬ ਵਿੱਚ 10 ਹਜ਼ਾਰ ਰੁਪਏ ਰੱਖੇ ਹੋਏ ਸਨ। ਇਸੇ ਦੌਰਾਨ ਬਾਈਕ ’ਤੇ ਸਵਾਰ ਦੋ ਨੌਜਵਾਨ ਉਸ ਦੇ ਕੋਲ ਆਏ ਅਤੇ ਦੱਸਿਆ ਕਿ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਨੇ ਏਅਰਪੋਰਟ ਰੋਡ ਦਾ ਰਾਹ ਪੁੱਛਿਆ। ਜਿਵੇਂ ਹੀ ਸਿਆਰਾਮ ਨੇ ਹੱਥ ਚੁੱਕ ਕੇ ਰਾਹ ਦੱਸਣਾ ਸ਼ੁਰੂ ਕੀਤਾ, ਪਿੱਛੇ ਬੈਠੇ ਨੌਜਵਾਨ ਨੇ ਉਸ ਦੀ ਕਮੀਜ਼ ਦੀ ਜੇਬ ’ਤੇ ਝਪਟਾ ਮਾਰਿਆ ਅਤੇ ਉਸ ਵਿੱਚ ਪਏ 10 ਹਜ਼ਾਰ ਰੁਪਏ ਕੱਢ ਲਏ। ਘਟਨਾ ਤੋਂ ਬਾਅਦ ਸਿਆਰਾਮ ਨੇ ਤੁਰੰਤ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਨੌਜਵਾਨ ਬਾਈਕ ’ਤੇ ਸਵਾਰ ਹੋ ਕੇ ਤੇਜ਼ੀ ਨਾਲ ਫ਼ਰਾਰ ਹੋ ਗਏ। ਇਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਸੈਕਟਰ-49 ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ।