- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਚਕੂਲਾ ਨਗਰ ਨਿਗਮ ਚੋਣਾਂ ਦਾ ਐਲਾਨ, 10 ਮਈ ਨੂੰ ਹੋਵੇਗੀ ਵੋਟਿੰਗ

- 13 ਮਈ ਨੂੰ ਪੰਚਕੂਲਾ ਨੂੰ ਮਿਲੇਗਾ ਨਵਾਂ ਮੇਅਰ
- 21 ਤੋਂ 25 ਅਪ੍ਰੈਲ ਤੱਕ ਨਾਮਜ਼ਦਗੀਆਂ ਦਾਖ਼ਲ ਹੋਣਗੀਆਂ
- 28 ਅਪ੍ਰੈਲ ਨੂੰ ਨਾਮ ਵਾਪਸੀ ਅਤੇ ਚੋਣ ਨਿਸ਼ਾਨਾਂ ਦੀ ਵੰਡ
ਤਰੁਣ ਭਜਨੀ, ਪੰਜਾਬੀ ਜਾਗਰਣ
ਪੰਚਕੂਲਾ : ਨਗਰ ਨਿਗਮ ਪੰਚਕੂਲਾ ਦੀਆਂ ਚੋਣਾਂ ਦੇ ਐਲਾਨ ਨਾਲ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੇਅਰ ਦੇ ਅਹੁਦੇ ਲਈ ਟਿਕਟ ਦੇ ਦਾਅਵੇਦਾਰ ਸਰਗਰਮ ਹੋ ਗਏ ਹਨ ਅਤੇ ਦੋ ਮੁੱਖ ਪਾਰਟੀਆਂ ਭਾਜਪਾ ਅਤੇ ਕਾਂਗਰਸ ਆਪਣੇ ਸੰਭਾਵੀ ਉਮੀਦਵਾਰਾਂ ਦੀ ਗਰਾਊਂਡ ਰਿਪੋਰਟ ਇਕੱਠੀ ਕਰਨ ਵਿੱਚ ਜੁਟੇ ਹਨ। ਹਰਿਆਣਾ ਦੇ ਰਾਜ ਚੋਣ ਕਮਿਸ਼ਨ ਦੇਵਿੰਦਰ ਸਿੰਘ ਕਲਿਆਣ ਨੇ ਸੋਮਵਾਰ ਨੂੰ ਪੰਚਕੂਲਾ ਸਥਿਤ ਰਾਜ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਨਗਰ ਨਿਗਮ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਐਲਾਨ ਕੀਤੇ ਗਏ ਪ੍ਰੋਗਰਾਮ ਮੁਤਾਬਿਕ 10 ਮਈ 2026 ਨੂੰ ਵੋਟਿੰਗ ਹੋਵੇਗੀ, ਜਦਕਿ 13 ਮਈ ਨੂੰ ਵੋਟਿੰਗ ਤੋਂ ਬਾਅਦ ਨਵੇਂ ਮੇਅਰ ਦੀ ਚੋਣ ਹੋਵੇਗੀ। ਰਿਟਰਨਿੰਗ ਅਫ਼ਸਰ 15 ਅਪ੍ਰੈਲ 2026 ਨੂੰ ਨਾਮਜ਼ਦਗੀ ਲਈ ਨੋਟੀਫਿਕੇਸ਼ਨ ਜਾਰੀ ਕਰਨਗੇ। ਉਮੀਦਵਾਰ 21 ਅਪ੍ਰੈਲ ਤੋਂ 25 ਅਪ੍ਰੈਲ ਤੱਕ ਹਰ ਰੋਜ਼ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖ਼ਲ ਕਰ ਸਕਣਗੇ। 27 ਅਪ੍ਰੈਲ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ ਅਤੇ 28 ਅਪ੍ਰੈਲ ਨੂੰ ਦੁਪਹਿਰ 3 ਵਜੇ ਤੱਕ ਨਾਮ ਵਾਪਸ ਲਏ ਜਾ ਸਕਣਗੇ। ਇਸ ਤੋਂ ਬਾਅਦ ਚੋਣ ਨਿਸ਼ਾਨ ਵੰਡੇ ਜਾਣਗੇ। ਵੋਟਿੰਗ 10 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ, ਜਦਕਿ ਵੋਟਾਂ ਦੀ ਗਿਣਤੀ 13 ਮਈ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਨਗਰ ਨਿਗਮ ਦੇ ਮੇਅਰ ਅਤੇ ਨਗਰ ਪ੍ਰੀਸ਼ਦ/ਪਾਲਿਕਾ ਪ੍ਰਧਾਨ ਦੇ ਅਹੁਦੇ ਲਈ ਜਨਰਲ ਅਤੇ ਪੱਛੜੇ ਵਰਗ ਦੇ ਉਮੀਦਵਾਰਾਂ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਔਰਤਾਂ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਘੱਟੋ-ਘੱਟ ਯੋਗਤਾ 8ਵੀਂ ਪਾਸ ਰੱਖੀ ਗਈ ਹੈ।
ਖਰਚ ਦੀ ਸੀਮਾ ਤੈਅ : ਮੇਅਰ ਅਹੁਦੇ ਦੇ ਉਮੀਦਵਾਰ ਵੱਧ ਤੋਂ ਵੱਧ 30 ਲੱਖ ਰੁਪਏ ਤੱਕ ਚੋਣ ਖਰਚ ਕਰ ਸਕਣਗੇ, ਜਦਕਿ ਕੌਂਸਲਰਾਂ ਲਈ ਇਹ ਸੀਮਾ 7.50 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ। ਪੰਚਾਇਤੀ ਰਾਜ ਚੋਣਾਂ ਵਿੱਚ ਸਰਪੰਚ ਲਈ 2 ਲੱਖ ਅਤੇ ਜ਼ਿਲ੍ਹਾ ਪJrਸ਼ਦ ਮੈਂਬਰ ਲਈ 6 ਲੱਖ ਰੁਪਏ ਦੀ ਸੀਮਾ ਤੈਅ ਕੀਤੀ ਗਈ ਹੈ। ਸਾਰੇ ਉਮੀਦਵਾਰਾਂ ਨੂੰ ਚੋਣ ਨਤੀਜਿਆਂ ਤੋਂ 30 ਦਿਨਾਂ ਦੇ ਅੰਦਰ ਆਪਣੇ ਖਰਚ ਦਾ ਪੂਰਾ ਵੇਰਵਾ ਦੇਣਾ ਹੋਵੇਗਾ, ਨਹੀਂ ਤਾਂ ਉਨ੍ਹਾਂ ਨੂੰ ਭਵਿੱਖ ਦੀਆਂ ਚੋਣਾਂ ਲਈ ਅਯੋਗ ਐਲਾਨ ਕੀਤਾ ਜਾ ਸਕਦਾ ਹੈ।
ਅਪਰਾਧਿਕ ਰਿਕਾਰਡ ਦਾ ਖੁਲਾਸਾ ਲਾਜ਼ਮੀ
ਪਾਰਦਰਸ਼ਤਾ ਯਕੀਨੀ ਬਣਾਉਣ ਲਈ ਜਿਨ੍ਹਾਂ ਉਮੀਦਵਾਰਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ, ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਘੱਟੋ-ਘੱਟ ਤਿੰਨ ਵਾਰ ਦੋ ਅਖ਼ਬਾਰਾਂ ਅਤੇ ਸਥਾਨਕ ਟੀਵੀ ਚੈਨਲਾਂ ‘ਤੇ ਪ੍ਰਕਾਸ਼ਿਤ/ਪ੍ਰਸਾਰਿਤ ਕਰਨੀ ਹੋਵੇਗੀ।
ਈਵੀਐਮ ਨਾਲ ਵੋਟਿੰਗ, ਨੋਟਾ ਦਾ ਵਿਕਲਪ ਵੀ
ਚੋਣਾਂ ਵਿੱਚ ਈਵੀਐਮ ਦਾ ਇਸਤੇਮਾਲ ਕੀਤਾ ਜਾਵੇਗਾ। ਮੇਅਰ ਅਤੇ ਪ੍ਰਧਾਨ ਦੇ ਅਹੁਦੇ ਲਈ ਗੁਲਾਬੀ ਬੈਲਟ ਅਤੇ ਕੌਂਸਲਰਾਂ ਲਈ ਸਫ਼ੈਦ ਬੈਲਟ ਹੋਵੇਗੀ, ਜਿਸ ‘ਤੇ ਉਮੀਦਵਾਰ ਦੀ ਤਸਵੀਰ ਵੀ ਹੋਵੇਗੀ। ਵੋਟਰਾਂ ਨੂੰ ‘ਨੋਟਾ’ ਦਾ ਵਿਕਲਪ ਵੀ ਦਿੱਤਾ ਜਾਵੇਗਾ।
ਸੁਰੱਖਿਆ ਦੇ ਪੱਕੇ ਇੰਤਜ਼ਾਮ
ਮੁਕੰਮਲ ਤੌਰ ‘ਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਭਾਰੀ ਪੁਲਿਸ ਬਲ ਤੈਨਾਤ ਕੀਤਾ ਜਾਵੇਗਾ ਅਤੇ ਸੀਨੀਅਰ ਅਧਿਕਾਰੀਆਂ ਨੂੰ ਓਬਜ਼ਰਵਰ ਨਿਯੁਕਤ ਕੀਤਾ ਜਾਵੇਗਾ।
ਘਰ-ਘਰ ਪਹੁੰਚੇਗੀ ਵੋਟਰ ਸਲਿਪ
ਵੋਟਰਾਂ ਦੀ ਸਹੂਲਤ ਲਈ ਇਸ ਵਾਰ ਵੋਟਰ ਸਲਿਪ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ-ਘਰ ਪਹੁੰਚਾਈ ਜਾਵੇਗੀ। ਇਹ ਪ੍ਰਕਿਰਿਆ ਵੋਟਿੰਗ ਤੋਂ ਘੱਟੋ-ਘੱਟ ਤਿੰਨ ਦਿਨ ਪਹਿਲਾਂ ਪੂਰੀ ਕਰ ਲਈ ਜਾਵੇਗੀ, ਤਾਂ ਜੋ ਹਰ ਵੋਟਰ ਨੂੰ ਆਪਣੇ ਪੋਲਿੰਗ ਸਟੇਸ਼ਨ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ ਅਤੇ ਉਹ ਸੋਖਾਲੇ ਤਰੀਕੇ ਨਾਲ ਆਪਣਾ ਵੋਟ ਪਾ ਸਕੇ।