ਚੰਡੀਗੜ੍ਹ ’ਚ ‘ਨੀਡ-ਬੇਸਡ ਚੇਂਜਜ਼’ ਮਸਲੇ ’ਤੇ ‘ਆਪ’ ਦਾ ਹਮਲਾ, ਭਾਜਪਾ-ਕਾਂਗਰਸ ਨੂੰ ਠਹਿਰਾਇਆ ਜ਼ਿੰਮੇਵਾਰ
ਚੰਡੀਗੜ੍ਹ ਵਿੱਚ “ਨੀਡ-ਬੇਸਡ ਚੇਂਜਜ਼” ਮਸਲੇ ’ਤੇ ਆਪ ਦਾ ਹਮਲਾ, ਭਾਜਪਾ-ਕਾਂਗਰਸ ਨੂੰ ਠਹਿਰਾਇਆ ਜ਼ਿੰਮੇਵਾਰ
Publish Date: Mon, 06 Apr 2026 08:53 PM (IST)
Updated Date: Mon, 06 Apr 2026 08:56 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਨੇ ‘ਨੀਡ-ਬੇਸਡ ਚੇਂਜਜ਼’ ਦੇ ਲੰਬੇ ਸਮੇਂ ਤੋਂ ਚੱਲ ਰਹੇ ਮਸਲੇ ’ਤੇ ਭਾਜਪਾ ਅਤੇ ਕਾਂਗਰਸ ’ਤੇ ਤਿੱਖਾ ਨਿਸ਼ਾਨਾ ਵਿੰਨਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਤੋਂ ਦੋਵੇਂ ਪਾਰਟੀਆਂ ਸੱਤਾ ਵਿੱਚ ਰਹੀਆਂ ਹਨ, ਪਰ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮਕਾਨਾਂ ਨਾਲ ਜੁੜੀ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਪ੍ਰੈੱਸ ਕਾਨਫਰੰਸ ਦੌਰਾਨ ਜਿਸ ਵਿੱਚ ਪਾਰਟੀ ਪ੍ਰਧਾਨ ਵਿਜੈ ਪਾਲ, ਆਬਜ਼ਰਵਰ ਗੁਰਪ੍ਰੀਤ ਸਿੰਘ ਜੀਪੀ, ਸਾਬਕਾ ਮੇਅਰ ਕੁਲਦੀਪ ਕੁਮਾਰ ਅਤੇ ਜਨਰਲ ਸਕੱਤਰ ਸਨੀ ਔਲਖ ਵੀ ਮੌਜੂਦ ਸਨ, ਜਰਨੈਲ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਮਨੀਸ਼ ਤਿਵਾੜੀ ਕਾਂਗਰਸ ਤੋਂ ਸੰਸਦ ਮੈਂਬਰ ਹਨ ਅਤੇ ਪ੍ਰਸ਼ਾਸਨ ਭਾਜਪਾ ਦੇ ਕੰਟਰੋਲ ਹੇਠ ਹੈ, ਫਿਰ ਵੀ ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੀ ਤਿਉਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਾਰ-ਵਾਰ ਬਦਲੇ ਜਾਂਦੇ ਨਿਯਮਾਂ ਨੇ ਲੋਕਾਂ ਨੂੰ ਉਲਝਣ ਵਿੱਚ ਪਾਇਆ ਹੈ। ਕਦੇ ਕਿਸੇ ਨਿਰਮਾਣ ਨੂੰ ਕਾਨੂੰਨੀ ਕਰਾਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਉਸੇ ਨੂੰ ਗੈਰ-ਕਾਨੂੰਨੀ ਕਰ ਦਿੱਤਾ ਜਾਂਦਾ ਹੈ। ਨਿਯਮਾਂ ਨਾਲ ਆਮ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਹਨ। ਸੈਕਟਰ 45-ਡੀ ਵਿੱਚ ਹਾਊਸਿੰਗ ਬੋਰਡ ਵੱਲੋਂ ਚੱਲ ਰਹੀ ਡਿਮੋਲਿਸ਼ਨ ਕਾਰਵਾਈ ਦੌਰਾਨ ‘ਆਪ’ ਦੇ ਆਗੂ ਮੌਕੇ ’ਤੇ ਪਹੁੰਚੇ ਅਤੇ ਵਿਰੋਧ ਦਰਜ ਕਰਵਾਇਆ। ਇਸ ਦੌਰਾਨ ਸਾਬਕਾ ਮੇਅਰ ਕੁਲਦੀਪ ਕੁਮਾਰ, ਜਨਰਲ ਸਕੱਤਰ ਸਨੀ ਔਲਖ ਅਤੇ ਮਾਈਨੋਰਟੀ ਸੈੱਲ ਦੇ ਪ੍ਰਧਾਨ ਸਾਦਾਬ ਰਾਠੀ ਨੂੰ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ, ਜਿਸ ਨੂੰ ਪਾਰਟੀ ਨੇ ਲੋਕਤੰਤਰਿਕ ਅਧਿਕਾਰਾਂ ਦਾ ਦਮਨ ਕਰਾਰ ਦਿੱਤਾ। ‘ਆਪ’ ਨੇ ਦੋਸ਼ ਲਾਇਆ ਕਿ ਸਪੱਸ਼ਟ ਅਤੇ ਸਥਾਈ ਨੀਤੀ ਦੀ ਕਮੀ ਕਾਰਨ ਅਧਿਕਾਰੀਆਂ ਵੱਲੋਂ ਮਨਮਾਨੀ ਅਤੇ ਚੋਣਵਾਂ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦਾ ਸਭ ਤੋਂ ਵੱਧ ਅਸਰ ਮੱਧ ਵਰਗ ’ਤੇ ਪੈ ਰਿਹਾ ਹੈ। ਪਾਰਟੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ‘ਨੀਡ-ਬੇਸਡ ਚੇਂਜਜ਼’ ਦੇ ਮਸਲੇ ਦਾ ਹੱਲ ਕੱਢਿਆ ਜਾਵੇ, ਪੁਰਾਣੇ ਨਿਰਮਾਣਾਂ ਨੂੰ ਰੈਗੂਲਰ ਕੀਤਾ ਜਾਵੇ, ਪੈਨਲਟੀ ਵਿੱਚ ਰਾਹਤ ਦਿੱਤੀ ਜਾਵੇ ਅਤੇ ਡਿਮੋਲਿਸ਼ਨ ਕਾਰਵਾਈ ’ਤੇ ਤੁਰੰਤ ਰੋਕ ਲਾਈ ਜਾਵੇ। ਜਰਨੈਲ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਹੱਲ ਨਾ ਨਿਕਲਿਆ ਤਾਂ ਪਾਰਟੀ ਵੱਡਾ ਅੰਦੋਲਨ ਸ਼ੁਰੂ ਕਰੇਗੀ।