- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਗ ਨੂੰ ਸਮਝਦਿਆਂ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ

ਤਰੁਣ ਭਜਨੀ, ਪੰਜਾਬੀ ਜਾਗਰਣ
ਚੰਡੀਗੜ੍ਹ : ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਕਲਾ ਭਵਨ ਸੈਕਟਰ 16 ਵਿਖੇ ‘ਜੰਗ ਨੂੰ ਸਮਝਦਿਆਂ : ਦਾਰਸ਼ਨਿਕ, ਇਤਿਹਾਸਕ ਅਤੇ ਸਮਕਾਲੀ ਪਰਿਪੇਖ’ ਵਿਸ਼ੇ ’ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਸਨ। ਸਭ ਤੋਂ ਪਹਿਲਾਂ ਉਦਘਾਟਨੀ ਸੈਸ਼ਨ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਜੰਗ ਸਾਡੇ ਸੱਭਿਆਚਾਰ ਨੂੰ ਬਦਲਦੀ ਹੈ। ਸਾਡੀ ਆਰਥਿਕਤਾ ਨੂੰ ਤਬਾਹ ਕਰਦੀ ਹੈ, ਵਾਤਾਵਰਣ ਬਰਬਾਦ ਕਰਦੀ ਹੈ। ਜੰਗੀ ਟਕਰਾਅ ਨਕਸ਼ਿਆਂ ਨੂੰ ਬਦਲ ਦਿੰਦਾ। ਉਨ੍ਹਾਂ ਅਗਾਂਹ ਕਿਹਾ ਕਿ ਸਾਡਾ ਮਕਸਦ ਸੈਮੀਨਾਰ ਵਿਚ ਸਰਸਰੀ ਗੱਲਬਾਤ ਕਰਨਾ ਨਹੀਂ ਸਗੋਂ ਡੂੰਘਾ ਜਾ ਕੇ ਇਸ ਦੀ ਘੋਖ ਕਰਨਾ ਹੈ। ਇਸ ਉਪਰੰਤ ਡਾ. ਸ਼ੈਲੀ ਵਾਲੀਆ ਵੱਲੋਂ ਕੂੰਜੀਵਤ ਭਾਸ਼ਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੰਗ ਬਾਰੇ ਗੱਲ ਕਰਨਾ ਹੀ ਆਪਣੇ ਆਪ ਵਿਚ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜੰਗ ਦਾ ਅੰਜ਼ਾਮ ਅਸੀਂ ਦੋ ਵਿਸ਼ਵ ਯੁੱਧਾਂ ਵਿਚ ਦੇਖ ਲਿਆ ਹੈ। ਉਨ੍ਹਾਂ ਅਮਰੀਕਾ ਤੇ ਈਰਾਨ ਦੀ ਪਹੁੰਚ ਬਾਰੇ ਮਹੱਤਵਪੂਰਨ ਗੱਲਾਂ ਕੀਤੀਆਂ। ਉਨ੍ਹਾਂ ਅਗਾਂਹ ਕਿਹਾ ਕਿ ਸਾਮਰਾਜ ਦਾ ਕੰਮ ਹੀ ਕੁਦਰਤੀ ਸਰੋਤਾਂ ’ਤੇ ਕਾਬਜ਼ ਹੋਣਾ ਹੁੰਦਾ ਹੈ। ਉਨ੍ਹਾਂ ਕਈ ਉਦਾਹਰਨਾ ਦੇ ਕੇ ਆਪਣੀ ਗੱਲ ਸਮਝਾਈ।
ਇਸ ਤੋਂ ਬਾਅਦ ਅਗਲੇ ਬੁਲਾਰੇ ਪ੍ਰੋ. ਰੌਣਕੀ ਰਾਮ ਨੇ ਇਕ ਦਾਰਸ਼ਨਿਕ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਜਦੋਂ ਤਾਕਤ ਪੂਰੇ ਜੋਬਨ ’ਤੇ ਹੁੰਦੀ ਹੈ ਤਾਂ ਉਹ ਇਸ ਤਰ੍ਹਾਂ ਕਰਦਾ ਜਿਵੇਂ ਅਮਰੀਕਾ ਕਰਦਾ। ਉਨ੍ਹਾਂ ਅਗਾਂਹ ਕਿਹਾ ਕਿ ਈਰਾਨ ’ਤੇ ਹਮਲੇ ਦਾ ਮੁੱਖ ਕਾਰਨ ਤੇਲ ਤੇ ਹਥਿਆਰ ਬਣਾਉਣ ਤੋਂ ਰੋਕਣਾ ਹੈ। ਆਖ਼ਿਰ ’ਤੇ ਉਨ੍ਹਾਂ ਕਿਹਾ ਕਿ ਸਾਨੂੰ ਯੂਨੀਵਰਸਿਟੀਆਂ ਵਿਚ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਚੌਥਾ ਵਿਸ਼ਵ ਯੁੱਧ ਪੱਥਰਾਂ ਨਾਲ ਲੜਿਆ ਜਾਵੇਗਾ। ਅਗਲੇ ਬੁਲਾਰੇ ਵਜੋਂ ਉੱਘੇ ਚਿੰਤਕ ਡਾ. ਮਨਮੋਹਨ ਨੇ ਕਿਹਾ ਕਿ ਭਾਰਤੀ ਪਰੰਪਰਾ ਵਿਚ ਜੰਗ ਨੂੰ ਧਰਮਯੁੱਧ ਵਜੋਂ ਲਿਆ ਜਾਂਦਾ ਸੀ। ਉਨ੍ਹਾਂ ਅਗਾਂਹ ਕਿਹਾ ਕਿ ਦੇਖਣਾ ਹੋਵੇਗਾ ਜੰਗ ਕਿਸ ਕਾਰਨ ’ਚੋਂ ਨਿਕਲੀ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਔਜ਼ਾਰ ਬਦਲਦੇ ਰਹਿੰਦੇ ਨੇ, ਉਨ੍ਹਾਂ ਬਾਬਰ ਦਾ ਬਾਰੂਦ ਲੈ ਕੇ ਆਉਣ ਦਾ ਉਦਾਹਰਨ ਦੱਸਿਆ। ਉਨ੍ਹਾਂ ਅਗਾਂਹ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਦੇਖਣਾ ਹੋਵੇਗਾ ਕਿ ਜੰਗ ਕਿੱਥੋਂ ਤਕ ਡਿਜ਼ੀਟਲ ਹੁੰਦੀ ਹੈ। ਅਗਲੇ ਦੌਰ ਦੇ ਬੁਲਾਰੇ ਵਜੋਂ ਡਾ. ਪ੍ਰਤਿਭਾ ਦਿਓਲ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਉਹ ਆਰਥਿਕ ਪਹਿਲੂਆਂ ’ਤੇ ਗੱਲ ਕਰਾਗੀ। ਉਨ੍ਹਾਂ ਅਮਰਜੀਤ ਗਰੇਵਾਲ ਦੀ ਕਵਿਤਾ ਦਾ ਉਦਾਹਰਨ ਦਿੰਦੇ ਹੋਏ ਲੋੜ ਤੇ ਹੋੜ ਦੀ ਗੱਲ ਕੀਤੀ। ਉਨ੍ਹਾਂ ਪੁਰਾਤਨ ਸਮਿਆਂ ਚੀਜ਼ਾਂ ਦੇ ਵਟਾਂਦਰੇ ਦੇ ਉਦਾਹਨ ਦੇ ਅੱਜ ਦੀ ਜੰਗ ਨੂੰ ਲੋੜ ਨੂੰ ਹੋੜ ਨਾਲ ਜੋੜਿਆ।
ਪਹਿਲੇ ਅਕਾਦਮਿਕ ਸੈਸ਼ਨ ਵਿੱਚ ਇਸ ਵਿਸ਼ੇ ’ਤੇ ਸਭ ਤੋੰ ਪਹਿਲਾਂ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਜੰਗ ਨੂੰ ਸਮਝਣ ਦੀ ਲੋੜ ਹੈ। ਅਸੀਂ ਜੰਗ ਵਿਚ ਧਿਰ ਬਣ ਜਾਂਦੇ ਹਾਂ, ਸਾਡਾ ਮੀਡੀਆ ਖ਼ਬਰਾਂ ਵਿਚ ਇਸ ਤਰ੍ਹਾਂ ਦੇ ਵਾਕ ਵਰਤਦਾ ਹੈ ਜਿਸ ਤੋਂ ਲੱਗਦਾ ਹੈ ਕਿ ਜੰਗ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਉਹਨਾਂ ਅਗਾਂਹ ਕਿਹਾ ਕਿ 'ਵਾਰ' ਸ਼ਾਬਦਿਕ ਅਰਥ ਹੀ 'ਮੈਂਟਲ ਕਨਫਿਊਜ਼ਨ' ਹੈ। ਉਨ੍ਹਾਂ ਕਿਹਾ ਕਿ ਸਾਨੂੰ ਜੰਗ ਵਿਚ ਧਿਰ ਬਣਨ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋੱ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਜੰਗ ਨੂੰ ਪੱਖੋਂ ਦੇਖਿਆ ਜਾ ਸਕਦਾ ਹੈ ਪਰ ਉਹ ਤੇਲ 'ਤੇ ਹੀ ਗੱਲ ਕਰੇਗਾ। ਤੇਲ ਨਾਲ ਹੀ ਸਾਰੀ ਦੁਨੀਆ ਚੱਲਦੀ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਦੁਨੀਆ ਦੇ ਸਾਮਰਾਜਵਾਦ ਦਾ ਲੀਡਰ ਬਣਦਾ ਹੈ ਅਤੇ ਰਾਜ ਕਰਨ ਵਾਸਤੇ ਆਪਣੀ ਕਰੰਸੀ ਨੂੰ ਵਰਲਡ ਮਨੀ ਬਣਾਉਂਦਾ ਹੈ। ਇਸ ਤਰ੍ਹਾਂ ਦੀ ਤਾਕਤ ਹਥਿਆਉਣ ਵਾਸਤੇ ਹੀ ਜੰਗਾਂ ਕੀਤੀਆਂ ਜਾਂਦੀਆਂ ਹਨ। ਪ੍ਰਧਾਨਗੀ ਮੰਡਲ ਵਿੱਚੋਂ ਬੋਲਦਿਆਂ ਉੱਘੇ ਵਿਦਵਾਨ ਡਾ. ਰਵੇਲ ਸਿੰਘ ਨੇ ਕਿਹਾ ਜੰਗ ਦੀ ਆਪਣੀ ਸਿਆਸਤ ਹੈ।
ਸੈਮੀਨਾਰ ਦੇ ਆਖ਼ਰੀ ਸੈਸ਼ਨ ਵਿਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡੀਆਈਯੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪ੍ਰੋ. ਯੋਜਨਾ ਰਾਵਤ ਨੇ ਕੀਤੀ ਤੇ ਮੁੱਖ ਮਹਿਮਾਨ ਦੇ ਤੌਰ ’ਤੇ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਸਨ। ਕਵੀਆਂ ਵਿਚ ਗੁਲ ਚੌਹਾਨ, ਗੁਰਪ੍ਰੀਤ, ਅਮਰਜੀਤ ਕੌਂਕੇ, ਬਲਵਿੰਦਰ ਸੰਧੂ, ਦਰਸ਼ਨ ਬੁੱਟਰ, ਤਰਸੇਮ, ਪਰਮਜੀਤ ਸੋਹਲ, ਸਵਰਨਜੀਤ ਸਵੀ ਅਮਰਜੀਤ ਗਰੇਵਾਲ, ਸ਼ਮਸ਼ੇਰ ਸਾਹਿਲ, ਮਨਮੋਹਨ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਕਵੀ ਦਰਬਾਰ ਸੰਯੋਜਕ ਜਗਦੀਪ ਸਿੱਧੂ ਨੇ ਬਾਖੂਬੀ ਕੀਤਾ। ਧੰਨਵਾਦ ਉੱਘੇ ਆਲੋਚਕ ਡਾ. ਯੋਗਰਾਜ ਅੰਗਰੀਸ਼ ਨੇ ਕੀਤਾ। ਇਸ ਸੈਮੀਨਾਰ ਦੇ ਕਨਵੀਨਰ ਡਾ. ਪ੍ਰਵੀਨ ਕੁਮਾਰ ਆਦਿ ਮੌਜੂਦ ਸਨ।