ਸ਼ੱਕੀ ਹਾਲਤ ਵਿਚ ਔਰਤ ਦੀ ਲਾਸ਼ ਮਿਲੀ
ਸ਼ੱਕੀ ਹਾਲਤ ਵਿਚ ਔਰਤ ਦੀ ਲਾਸ਼ ਮਿਲੀ
Publish Date: Sat, 04 Apr 2026 07:22 PM (IST)
Updated Date: Sun, 05 Apr 2026 04:08 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ: ਉਦਯੋਗਿਕ ਖੇਤਰ 1 ’ਚ ਲਾਈਟ ਪੁਆਇੰਟ ਨੇੜੇ ਸ਼ੱਕੀ ਹਾਲਤ ’ਚ ਇੱਕ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਘਾਹ ਕੱਟਣ ਗਏ ਨਗਰ ਨਿਗਮ ਦੇ ਮਾਲੀ ਦੇ ਸਹਾਇਕ ਨੇ ਜ਼ਮੀਨ ’ਤੇ ਔਰਤ ਦੀ ਲਾਸ਼ ਤੇ ਉਸਦੇ ਕੱਪੜੇ ਪਏ ਵੇਖੇ, ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਮੁਤਾਬਕ ਸੈਕਟਰ-38 ਵੈਸਟ ਦੇ ਰਹਿਣ ਵਾਲੇ 32 ਸਾਲਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਨਗਰ ਨਿਗਮ ’ਚ ਮਾਲੀ ਹੈਲਪਰ ਵਜੋਂ ਕੰਮ ਕਰਦਾ ਹੈ। ਉਹ ਆਪਣੇ ਸਾਥੀ ਹਰਪ੍ਰੀਤ ਨਾਲ ਘਾਹ ਕੱਟਣ ਲਈ ਉਦਯੋਗਿਕ ਖੇਤਰ ਫੇਜ਼-1 ਪਹੁੰਚਿਆ ਸੀ। ਇਸ ਦੌਰਾਨ ਹਰਪ੍ਰੀਤ ਟ੍ਰੈਕਟਰ ਚਲਾ ਰਿਹਾ ਸੀ। ਕੰਮ ਕਰਦੇ ਸਮੇਂ ਰਾਜੇਸ਼ ਕੁਮਾਰ ਨੇ ਜ਼ਮੀਨ ’ਤੇ ਔਰਤ ਦੀ ਲਾਸ਼ ਤੇ ਕੁਝ ਕੱਪੜੇ ਪਏ ਵੇਖੇ। ਹਾਲਾਤ ਸ਼ੱਕੀ ਲੱਗਣ ’ਤੇ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਸਬੂਤ ਇਕੱਠੇ ਕੀਤੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਦੌਰਾਨ ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤੇ ਔਰਤ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੇ ਹਰ ਪੱਖ ਨੂੰ ਧਿਆਨ ’ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।