ਪੁਲਿਸ ਵੱਲੋਂ ਦੋ ਲੁਟੇਰੇ ਗ੍ਰਿਫ਼ਤਾਰ
ਪੁਲਿਸ ਵੱਲੋਂ ਦੋ ਲੁਟੇਰੇ ਗ੍ਰਿਫ਼ਤਾਰ
Publish Date: Sat, 04 Apr 2026 07:53 PM (IST)
Updated Date: Sat, 04 Apr 2026 07:55 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-31 ਥਾਣਾ ਪੁਲਿਸ ਨੇ ਕੁੱਝ ਹੀ ਸਮੇਂ ਵਿੱਚ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਪਿੰਡ ਭਰੀ ਫਾਂਚਨ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਜੋਬਨਪ੍ਰੀਤ ਸਿੰਘ (26) ਅਤੇ ਪਿੰਡ ਹੇਡੋਂ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਦਬਿੰਦਰ (29) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਤੋਂ ਦੋ ਵੀਵੋ ਮੋਬਾਈਲ ਫੋਨ, ਚਾਕੂ, ਆਧਾਰ ਕਾਰਡ ਅਤੇ ਪਰਸ ਬਰਾਮਦ ਕੀਤਾ ਹੈ। ਪੁਲਿਸ ਮੁਤਾਬਿਕ 3 ਅਪ੍ਰੈਲ ਨੂੰ ਸੈਕਟਰ-31 ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਜਗਤਪੁਰਾ (ਮੋਹਾਲੀ) ਦੇ ਰਹਿਣ ਵਾਲੇ ਸ਼ਿਕਾਇਤਕਰਤਾ ਪੰਕਜ (20) ਨੇ ਦੱਸਿਆ ਕਿ ਉਹ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ। 3 ਅਪ੍ਰੈਲ ਨੂੰ ਰਾਤ ਕਰੀਬ 9:15 ਵਜੇ ਉਹ ਡਿਊਟੀ ਖਤਮ ਕਰ ਕੇ ਸਾਈਕਲ ’ਤੇ ਇੰਡਸਟ੍ਰੀਅਲ ਏਰੀਆ ਫੇਜ਼-2 ਤੋਂ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਕਾਲੀਬਾੜੀ ਲਾਈਟ ਪੁਆਇੰਟ ਦੇ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉਸ ਦੇ ਸਾਹਮਣੇ ਆ ਕੇ ਰੁਕ ਗਏ। ਇੱਕ ਨੌਜਵਾਨ ਨੇ ਚਾਕੂ ਕੱਢ ਕੇ ਉਸ ਦੀ ਗਰਦਨ ’ਤੇ ਰੱਖ ਦਿੱਤਾ ਅਤੇ ਉਸ ਦਾ ਪਰਸ ਖੋਹ ਲਿਆ। ਦੂਜੇ ਨੌਜਵਾਨ ਨੇ ਉਸ ਦਾ ਵੀਵੋ ਮੋਬਾਈਲ ਫੋਨ ਖੋਹ ਲਿਆ ਅਤੇ ਥੱਪੜ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਮੋਟਰਸਾਈਕਲ ਦਾ ਨੰਬਰ ਨੋਟ ਨਹੀਂ ਕਰ ਸਕਿਆ, ਪਰ ਉਸ ਨੇ ਮੁਲਜ਼ਮਾਂ ਨੂੰ ਪਛਾਣਣ ਦੀ ਗੱਲ ਕਹੀ ਸੀ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜੋਬਨਪ੍ਰੀਤ ਸਿੰਘ ਦੇ ਕਬਜ਼ੇ ਤੋਂ ਦੋ ਵੀਵੋ ਮੋਬਾਈਲ ਫੋਨ ਬਰਾਮਦ ਹੋਏ, ਜਦਕਿ ਦਬਿੰਦਰ ਦੇ ਕਬਜ਼ੇ ਤੋਂ ਚਾਕੂ, ਪਰਸ ਅਤੇ ਆਧਾਰ ਕਾਰਡ ਬਰਾਮਦ ਕੀਤਾ ਗਿਆ। ਮੁਲਜ਼ਮ 12ਵੀਂ ਤੱਕ ਪੜ੍ਹੇ ਹੋਏ ਹਨ ਅਤੇ ਖੇਤੀਬਾੜੀ ਕਰਦੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।