ਫਰਜ਼ੀ ਡੀਐਸਪੀ ਬਣਕੇ ਧੋਖਾਧੜੀ ਕਰਨ ਵਾਲੇ ਦੋ ਭਰਾ ਗ੍ਰਿਫ਼ਤਾਰ
ਫਰਜ਼ੀ ਡੀਐਸਪੀ ਬਣਕੇ ਧੋਖਾਧੜੀ ਕਰਨ ਵਾਲੇ ਦੋ ਭਰਾ ਗ੍ਰਿਫ਼ਤਾਰ
Publish Date: Wed, 01 Apr 2026 07:31 PM (IST)
Updated Date: Wed, 01 Apr 2026 07:34 PM (IST)

ਸੀਸੀਟੀਵੀ ਟੈਂਡਰ ਦਿਵਾਉਣ ਦੇ ਬਹਾਨੇ 35 ਲੱਖ ਰੁਪਏ ਦੀ ਧੋਖਾਧੜੀ, ਪੁਲਿਸ ਵਰਦੀ ਅਤੇ ਨਕਦ ਰਕਮ ਬਰਾਮਦ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪੰਚਕੂਲਾ : ਐਂਟੀ ਇੰਮੀਗ੍ਰੇਸ਼ਨ ਫ੍ਰੌਡ ਯੂਨਿਟ ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਹਰਿਆਣਾ ਪੁਲਿਸ ਦਾ ਫਰਜ਼ੀ ਡੀਐੱਸਪੀ ਬਣ ਕੇ ਅਤੇ ਟੈਂਡਰ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਮੁੱਖ ਮੁਲਜ਼ਮ ਵਿਪੁਲ ਗੋਇਲ ਅਤੇ ਉਸ ਦੇ ਭਰਾ ਤਰੁਣ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਧੋਖਾਧੜੀ ਦੀ ਕੁਝ ਰਕਮ ਅਤੇ ਹਰਿਆਣਾ ਪੁਲਿਸ ਦੇ ਡੀਐੱਸਪੀ ਦੀ ਵਰਦੀ ਵੀ ਬਰਾਮਦ ਕੀਤੀ ਹੈ। ਏਸੀਪੀ ਵਿਕਰਮ ਨੇਹਰਾ ਨੇ ਦੱਸਿਆ ਕਿ ਪਾਣੀਪਤ ਰਹਿਣ ਵਾਲੇ ਯੋਗੇਸ਼ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ। ਸ਼ਿਕਾਇਤ ਅਨੁਸਾਰ ਸਾਲ 2014 ਵਿਚ ਤਰੁਣ ਗੋਇਲ ਨੇ ਆਪਣੇ ਭਰਾ ਵਿਪੁਲ ਗੋਇਲ ਦੀ ਯੋਗੇਸ਼ ਨਾਲ ਮੁਲਾਕਾਤ ਕਰਵਾਈ ਅਤੇ ਦਾਅਵਾ ਕੀਤਾ ਕਿ ਵਿਪੁਲ ਨੇ ਡੀਐੱਸਪੀ ਦਾ ਅਹੁਦਾ ਹਾਸਿਲ ਕਰ ਲਿਆ ਹੈ। ਭਰੋਸਾ ਜਿੱਤਣ ਲਈ ਮੁਲਜ਼ਮ ਵਿਪੁਲ ਅਕਸਰ ਪੁਲਿਸ ਵਰਦੀ ਪਹਿਨ ਕੇ ਯੋਗੇਸ਼ ਨਾਲ ਮਿਲਦਾ ਸੀ। ਮੁਲਜ਼ਮਾਂ ਨੇ ਯੋਗੇਸ਼ ਨੂੰ ਸੀਸੀਟੀਵੀ ਲਗਾਉਣ ਦਾ ਸਰਕਾਰੀ ਟੈਂਡਰ ਦਿਵਾਉਣ ਦਾ ਲਾਲਚ ਦਿੱਤਾ। ਭਰੋਸੇ ਵਿੱਚ ਆ ਕੇ ਪੀੜਤ ਨੇ ਫਰਵਰੀ 2017 ਵਿੱਚ ਪੰਚਕੂਲਾ ਸੈਕਟਰ-6 ਵਿੱਚ ਮੁਲਜ਼ਮਾਂ ਨੂੰ 15 ਲੱਖ ਰੁਪਏ ਨਕਦ ਸੌਂਪ ਦਿੱਤੇ। ਇਸ ਤੋਂ ਬਾਅਦ ਵੱਖ-ਵੱਖ ਬੈਂਕ ਖਾਤਿਆਂ ਅਤੇ ਨਕਦ ਰਾਹੀਂ ਕੁੱਲ 35 ਲੱਖ ਰੁਪਏ ਠੱਗ ਲਏ ਗਏ। ਪੀੜਤ ਅਨੁਸਾਰ, ਸਾਲ 2017 ਤੋਂ 2022 ਤੱਕ ਟੈਂਡਰ ਨਾ ਮਿਲਣ ’ਤੇ ਜਦੋਂ ਉਸਨੇ ਆਪਣੀ ਰਕਮ ਵਾਪਸ ਮੰਗੀ ਤਾਂ ਮੁਲਜ਼ਮ ਉਸਨੂੰ ਟਾਲਦੇ ਰਹੇ। ਜੂਨ 2023 ਵਿੱਚ ਦਬਾਅ ਬਣਾਉਣ ’ਤੇ ਮੁਲਜ਼ਮਾਂ ਨੇ ਸਿਰਫ 1.96 ਲੱਖ ਰੁਪਏ ਵਾਪਸ ਕੀਤੇ ਅਤੇ ਉਸ ਤੋਂ ਬਾਅਦ ਸੰਪਰਕ ਤੋੜ ਦਿੱਤਾ। ਜਾਂਚ ਵਿੱਚ ਪਤਾ ਲੱਗਾ ਕਿ ਵਿਪੁਲ ਗੋਇਲ ਪੁਲਿਸ ਵਿਭਾਗ ਵਿਚ ਕਿਸੇ ਵੀ ਅਹੁਦੇ ’ਤੇ ਤਾਇਨਾਤ ਨਹੀਂ ਹੈ। ਸ਼ਿਕਾਇਤ ਦੇ ਆਧਾਰ ’ਤੇ 11 ਸਤੰਬਰ 2025 ਨੂੰ ਸੈਕਟਰ-7 ਥਾਣੇ ਵਿੱਚ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 171, 406, 419 ਅਤੇ 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਐਂਟੀ ਇਮੀਗ੍ਰੇਸ਼ਨ ਫ੍ਰੌਡ ਯੂਨਿਟ ਦੇ ਅਧੀਨ ਇੰਚਾਰਜ ਇੰਸਪੈਕਟਰ ਯੋਗਵਿੰਦਰ ਸਿੰਘ ਦੀ ਅਗਵਾਈ ਵਿੱਚ ਜਾਂਚ ਅਧਿਕਾਰੀ ਏਐਸਆਈ ਗੁਰਬਚਨ ਦੀ ਟੀਮ ਨੇ ਕਾਰਵਾਈ ਕਰਦਿਆਂ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਰਿਮਾਂਡ ਖ਼ਤਮ ਹੋਣ ਤੋਂ ਬਾਅਦ ਦੋਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ਨਾਲ ਜੁੜੇ ਹੋਰ ਸਹਿਯੋਗੀਆਂ ਦੀ ਭਾਲ਼ ਵਿਚ ਲੱਗੀ ਹੈ।