ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਜੀਵਨ ’ਚ ਅਪਣਾਓ
ਨਿਰੰਕਾਰੀ ਸਤਿਸੰਗ ਵਿੱਚ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ‘ਤੇ ਜ਼ੋਰ
Publish Date: Mon, 30 Mar 2026 08:44 PM (IST)
Updated Date: Mon, 30 Mar 2026 08:45 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਮਹਿਲਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮਹਿਲਾ ਸੰਗਤਾਂ ਨੇ ਵਿਚਾਰਾਂ, ਗੀਤਾਂ, ਕਵਿਤਾਵਾਂ ਅਤੇ ਸਕਿੱਟਾਂ ਰਾਹੀਂ ਸਤਿਗੁਰੂ ਦੀਆਂ ਸਿੱਖਿਆਵਾਂ ਦਾ ਗੁਣਗਾਨ ਕੀਤਾ। ਇਸ ਮੌਕੇ ਭੈਣ ਅਮਨਦੀਪ ਕੌਰ, ਪ੍ਰਚਾਰਿਕਾ ਚੰਡੀਗੜ੍ਹ ਨੇ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਤਿਗੁਰੂ ਮਾਤਾ ਜੀ ਨੇ ‘ਆਤਮ ਮੰਥਨ’ ਦਾ ਜੋ ਵਿਸ਼ਾ ਦਿੱਤਾ ਹੈ, ਉਸ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਬ੍ਰਹਮ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਹਰ ਗੁਰਸਿਖ ਵਿੱਚ ਨਿਰੰਕਾਰ ਦਾ ਵਾਸ ਵੇਖਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੇ ਪਰਿਵਾਰਕ ਮੈਂਬਰਾਂ ਵਿੱਚ ਵੀ ਨਿਰੰਕਾਰ ਦਾ ਸਰੂਪ ਨਜ਼ਰ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਪਿਆਰ ਦੇ ਸੰਦੇਸ਼ ਨੂੰ ਅਪਣਾ ਕੇ ਸਤਿਗੁਰੂ ਮਾਤਾ ਜੀ ਵੱਲੋਂ ਦਰਸਾਏ ‘ਸਵਰਗ ਦੇ ਨਕਸ਼ੇ’ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਫਰਮਾਇਆ ਕਿ ਮਹਿਲਾ ਜਗਤ ਦੀ ਜਨਨੀ, ਪਿਆਰ ਅਤੇ ਸਹਿਨਸ਼ੀਲਤਾ ਦੀ ਮੂਰਤੀ ਹੁੰਦੀ ਹੈ। ਸ਼ਬਰੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪ੍ਰਭੂ ਰਾਮ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਹ ਸਾਲਾਂ ਤੱਕ ਹਰ ਰੋਜ਼ ਬੇਸਬਰੀ ਅਤੇ ਧੀਰਜ ਨਾਲ ਉਨ੍ਹਾਂ ਦੀ ਉਡੀਕ ਕਰਦੀ ਰਹੀ। ਉਹ ਸੇਵਾ ਦੀ ਪ੍ਰਤੀਕ ਵਜੋਂ ਜਾਣੀ ਜਾਂਦੀ ਹੈ। ਅੱਜ ਸਾਨੂੰ ਵੀ ਸੇਵਾ, ਸਿਮਰਨ ਅਤੇ ਸਤਿਸੰਗ ਦੀ ਮਹੱਤਤਾ ਨੂੰ ਸਮਝਣਾ ਹੈ ਅਤੇ ਮਨ ਵਿੱਚ ਉਹੀ ਚਾਉ ਰੱਖਣਾ ਹੈ ਜੋ ਮਾਤਾ ਸ਼ਬਰੀ ਨੂੰ ਪ੍ਰਭੂ ਰਾਮ ਲਈ ਸੀ। ਉਨ੍ਹਾਂ ਨਿਰੰਕਾਰੀ ਮਿਸ਼ਨ ਦੇ ਇਤਿਹਾਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜਗਤਮਾਤਾ ਬੁਧਵੰਤੀ ਜੀ ਅਤੇ ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਨੇ ਸੰਤਾਂ ਅਤੇ ਸਤਿਗੁਰੂ ਦੀ ਸੇਵਾ ਅਤੇ ਸਿੱਖਿਆ ਨੂੰ ਖੁਦ ਅਪਣਾ ਕੇ ਦਰਸਾਇਆ। ਉਨ੍ਹਾਂ ਵੱਲੋਂ ਗ੍ਰਿਹਸਥ ਵਿੱਚ ਰਹਿੰਦੇ ਹੋਏ ਆਧਿਆਤਮਿਕ ਮਾਰਗ ’ਤੇ ਚੱਲਣ ਦੀ ਦਿੱਤੀ ਪ੍ਰੇਰਨਾ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹੈ। ਸਤਿਗੁਰੂ ਮਾਤਾ ਜੀ ਦੇ ਵਿਚਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ਸੰਤਾਂ ਦੀ ਸਿੱਖਿਆ ਇਹੀ ਹੈ ਕਿ ਅਸਲ ਬਦਲਾਅ ਬਾਹਰੀ ਨਹੀਂ, ਸਗੋਂ ਅੰਦਰੂਨੀ ਹੋਣਾ ਚਾਹੀਦਾ ਹੈ। ਸਤਿਸੰਗ, ਸੇਵਾ ਅਤੇ ਸਿਮਰਨ ਰਾਹੀਂ ਆਪਣੇ ਅੰਦਰ ਸਕਾਰਾਤਮਕ ਬਦਲਾਅ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ।