ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਕਰ ਕੇ ਏਜੰਟ ਹੋਏ ਫਰਾਰ
ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਕਰਕੇ ਏਜੰਟ ਹੋਏ ਫਰਾਰ
Publish Date: Fri, 27 Mar 2026 06:45 PM (IST)
Updated Date: Fri, 27 Mar 2026 06:47 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਉਦਯੋਗਿਕ ਖੇਤਰ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉੱਤਰ ਪ੍ਰਦੇਸ਼ ਦੇ ਸਾਹਰਨਪੁਰ ਜ਼ਿਲ੍ਹੇ ਦੇ ਨਿਵਾਸੀ ਪੂਰਨ ਸਿੰਘ ਨੇ ਇਕ ਇੰਮੀਗ੍ਰੇਸ਼ਨ ਕੰਪਨੀ ਅਤੇ ਉਸ ਦੇ ਏਜੰਟਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਹੈ। ਦੋਸ਼ ਹੈ ਕਿ ਮੁਲਜ਼ਮਾਂ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਵੱਖ-ਵੱਖ ਵਿਅਕਤੀਆਂ ਤੋਂ ਵੱਡੀ ਰਕਮ ਵਸੂਲ ਕੀਤੀ ਅਤੇ ਬਾਅਦ ਵਿਚ ਦਫ਼ਤਰ ਬੰਦ ਕਰ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪੀੜਤ ਪੂਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜਾਣਕਾਰ ਮੋਨੂ ਕੁਮਾਰ, ਵਿਸ਼ੇਸ਼ ਕੁਮਾਰ, ਗੁਰਦੀਪ ਅਤੇ ਜਗਦੀਪ ਕੌਰ ਨੂੰ ਵਿਦੇਸ਼ ਭੇਜਣ ਲਈ ਇੰਡਸਟਰੀਅਲ ਏਰੀਆ ਫੇਜ਼-1 ਵਿਚ ਸਥਿਤ ਇਕ ਇੰਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ ਸੀ। ਏਜੰਟਾਂ ਨੇ ਵਿਦੇਸ਼ ਵਿਚ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ਵੱਖ-ਵੱਖ ਤਰੀਕਾਂ ’ਤੇ ਲਗਭਗ 40 ਲੱਖ ਰੁਪਏ ਵਸੂਲ ਲਏ। ਸ਼ਿਕਾਇਤ ਮੁਤਾਬਕ 18 ਫਰਵਰੀ 2025 ਨੂੰ ਗੁਰਦੀਪ ਤੋਂ 8 ਲੱਖ 50 ਹਜ਼ਾਰ ਰੁਪਏ ਅਤੇ 19 ਫਰਵਰੀ 2025 ਨੂੰ ਵਿਸ਼ੇਸ਼ ਕੁਮਾਰ ਤੋਂ 9 ਲੱਖ 50 ਹਜ਼ਾਰ ਰੁਪਏ ਲਏ ਗਏ। ਇਸ ਤੋਂ ਇਲਾਵਾ ਟਿਕਟ ਅਤੇ ਹੋਰ ਖ਼ਰਚਿਆਂ ਦੇ ਨਾਂ ’ਤੇ ਆਨਲਾਈਨ ਭੁਗਤਾਨ ਰਾਹੀਂ 1 ਲੱਖ ਰੁਪਏ ਵੀ ਜਮ੍ਹਾਂ ਕਰਵਾਏ ਗਏ। 19 ਮਾਰਚ 2025 ਨੂੰ ਪੀੜਤ ਪੱਖ ਵੱਲੋਂ ਪੰਜਾਬ ਨੈਸ਼ਨਲ ਬੈਂਕ ਤੋਂ ਐਚਡੀਐਫਸੀ ਬੈਂਕ ਖਾਤੇ ਵਿੱਚ ਆਰਟੀਜੀਐਸ ਰਾਹੀਂ 15 ਲੱਖ ਰੁਪਏ ਟ੍ਰਾਂਸਫਰ ਕੀਤੇ ਗਏ। ਇਸ ਤੋਂ ਇਲਾਵਾ 3 ਜੂਨ 2025 ਨੂੰ 40 ਹਜ਼ਾਰ ਰੁਪਏ ਫੋਨਪੇ ਰਾਹੀਂ ਜਮ੍ਹਾਂ ਕਰਵਾਏ ਗਏ। ਹੋਰ ਵਿਅਕਤੀਆਂ ਤੋਂ ਵੀ ਨਕਦ ਅਤੇ ਚੈਕ ਰਾਹੀਂ ਲੱਖਾਂ ਰੁਪਏ ਵਸੂਲੇ ਗਏ, ਜਿਸ ਵਿੱਚ 3 ਲੱਖ ਰੁਪਏ ਦਾ ਚੈਕ ਰਾਜ ਐਂਟਰਪ੍ਰਾਈਜ਼ਜ਼ ਦੇ ਨਾਂ ’ਤੇ ਜਾਰੀ ਕੀਤਾ ਗਿਆ। ਪੀੜਤਾਂ ਦਾ ਦੋਸ਼ ਹੈ ਕਿ ਮੌਜੂਦਾ ਸਮੇਂ ਵਿੱਚ ਉਕਤ ਦਫ਼ਤਰ ਬੰਦ ਮਿਲ ਰਿਹਾ ਹੈ ਅਤੇ ਸਬੰਧਤ ਏਜੰਟਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਪੀੜਤ ਪੱਖ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਜਮ੍ਹਾਂ ਰਕਮ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।