ਵੱਖ-ਵੱਖ ਸੜਕ ਹਾਦਸਿਆਂ ’ਚ ਦੋ ਨੌਜਵਾਨਾਂ ਦੀ ਮੌਤ
ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਨੌਜਵਾਨਾਂ ਦੀ ਮੌਤ
Publish Date: Mon, 16 Mar 2026 08:39 PM (IST)
Updated Date: Mon, 16 Mar 2026 08:43 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ਵਿੱਚ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਹਾਦਸੇ ਤੋਂ ਬਾਅਦ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਏ ਗਏ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੈਕਟਰ-27 ਦੇ ਸਿਮਰਨਦੀਪ ਸਿੰਘ ਗਿੱਲ (22) ਅਤੇ ਕਿਸ਼ਨਗੜ੍ਹ ਵਾਸੀ ਸਰਵੇਸ਼ (24) ਵਜੋਂ ਹੋਈ ਹੈ। ਸੈਕਟਰ-26 ਅਤੇ ਸੈਕਟਰ-19 ਪੁਲਿਸ ਥਾਣਿਆਂ ਨੇ ਮਾਮਲਿਆਂ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਹਿਲਾ ਹਾਦਸਾ ਸੈਕਟਰ-26 ਸਥਿਤ ਪੁਲਿਸ ਲਾਈਨ ਦੇ ਗੇਟ ਦੇ ਸਾਹਮਣੇ ਵਾਪਰਿਆ। ਜਾਣਕਾਰੀ ਮੁਤਾਬਿਕ ਸੈਕਟਰ-27 ਦੇ ਸਿਮਰਨਦੀਪ ਸਿੰਘ ਗਿੱਲ ਆਪਣੇ ਮੋਟਰਸਾਈਕਲ ’ਤੇ ਸੈਕਟਰ-26 ਆਇਆ ਹੋਇਆ ਸੀ। ਉਸ ਨੇ ਆਪਣੇ ਦੋਸਤਾਂ ਨੂੰ ਵੀ ਘੁੰਮਣ ਲਈ ਬੁਲਾਇਆ ਸੀ। ਇਸ ਦੌਰਾਨ ਪੁਲਿਸ ਲਾਈਨ ਦੇ ਗੇਟ ਦੇ ਸਾਹਮਣੇ ਕਿਸੇ ਕੰਮ ਲਈ ਉਸ ਨੇ ਅਚਾਨਕ ਮੋਟਰਸਾਈਕਲ ਮੋੜ ਦਿੱਤੀ। ਉਸੇ ਸਮੇਂ ਸਾਹਮਣੇ ਤੋਂ ਆ ਰਹੀ ਘੋੜਾ ਗੱਡੀ ਨਾਲ ਉਸ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਮੋਟਰਸਾਈਕਲ ਦੀ ਤੇਜ਼ ਰਫ਼ਤਾਰ ਕਾਰਨ ਸਿਮਰਨਦੀਪ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਆਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ-26 ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਦੂਜਾ ਹਾਦਸਾ ਸੈਕਟਰ-19 ਅਤੇ 27 ਦੀ ਸੜਕ ਕੋਲ ਵਾਪਰਿਆ। ਇੱਥੇ ਸੜਕ ਦੀ ਮੁਰੰਮਤ ਕਾਰਨ ਇੱਕ ਪਾਸਾ ਬੰਦ ਹੈ, ਜਿਸ ਕਰ ਕੇ ਦੋਵੇਂ ਪਾਸੇ ਦੇ ਵਾਹਨ ਇੱਕ ਹੀ ਸੜਕ ਤੋਂ ਲੰਘ ਰਹੇ ਹਨ। ਕਿਸ਼ਨਗੜ੍ਹ ਦੇ ਸਰਵੇਸ਼ ਸੈਕਟਰ-29 ਸਥਿਤ ਪਾਲਿਕਾ ਬਾਜ਼ਾਰ ਵਿੱਚ ਕੱਪੜਿਆਂ ਦੀ ਦੁਕਾਨ ’ਚ ਕੰਮ ਕਰਦਾ ਸੀ। ਉਹ ਉਸੇ ਰਾਹ ਤੋਂ ਮੋਟਰਸਾਈਕਲ ’ਤੇ ਕੰਮ ’ਤੇ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਕਿਸੇ ਵਾਹਨ ਨੂੰ ਓਵਰਟੇਕ ਕਰ ਰਿਹਾ ਸੀ, ਤਾਂ ਸਾਹਮਣੇ ਤੋਂ ਆ ਰਹੇ ਦੂਜੇ ਮੋਟਰਸਾਈਕਲ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਦੋਵੇਂ ਮੋਟਰਸਾਈਕਲ ਚਾਲਕ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਆਇਆ ਗਿਆ, ਜਿੱਥੇ ਇਲਾਜ ਦੌਰਾਨ ਸਰਵੇਸ਼ ਦੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਹਸਪਤਾਲ ਵਿੱਚ ਇਲਾਜ ਹੇਠ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।