ਕੁੱਟਮਾਰ ਦੇ ਮਾਮਲੇ ’ਚ ਪੰਜ ਮੁਲਜ਼ਮ ਬਰੀ
ਕੁੱਟਮਾਰ ਦੇ ਮਾਮਲੇ ਵਿੱਚ ਪੰਜ ਮੁਲਜ਼ਮ ਬਰੀ
Publish Date: Mon, 16 Mar 2026 07:05 PM (IST)
Updated Date: Mon, 16 Mar 2026 07:07 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਜ਼ਿਲ੍ਹਾ ਅਦਾਲਤ ਨੇ ਮੌਲੀ ਜਾਗਰਾ ਵਿੱਚ ਇੱਕ ਨੌਜਵਾਨ ’ਤੇ ਚਾਕੂ ਅਤੇ ਲੋਹੇ ਦੀ ਰਾਡ ਨਾਲ ਹਮਲੇ ਦੇ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਵਧੀਕ ਸੈਸ਼ਨ ਜੱਜ ਅਸ਼ਵਨੀ ਕੁਮਾਰ ਦੀ ਅਦਾਲਤ ਨੇ ਕਿਹਾ ਕਿ ਪੁਲਿਸ ਅਤੇ ਸਰਕਾਰੀ ਪੱਖ ਦੋਸ਼ ਸਾਬਤ ਕਰਨ ਲਈ ਢੁੱਕਵੇਂ ਅਤੇ ਭਰੋਸੇਯੋਗ ਸਬੂਤ ਪੇਸ਼ ਕਰਨ ਵਿੱਚ ਅਸਫਲ ਰਹੇ, ਇਸ ਲਈ ਸ਼ੱਕ ਦਾ ਲਾਭ ਦਿੰਦੇ ਹੋਏ ਸਾਰੇ ਮੁਲਜ਼ਮਾਂ ਨੂੰ ਬਰੀ ਕੀਤਾ ਜਾਂਦਾ ਹੈ। ਇਹ ਮਾਮਲਾ ਮੌਲੀ ਜਾਗਰਾ ਥਾਣੇ ਵਿੱਚ 12 ਮਈ 2021 ਨੂੰ ਦਰਜ ਕੀਤੀ ਗਈ ਐੱਫਆਈਆਰ ਨਾਲ ਸਬੰਧਿਤ ਹੈ, ਜਿਸ ਵਿੱਚ ਸੰਜੇ, ਰਾਹੁਲ, ਗੋਪਾਲ ਉਰਫ ਸੋਨੂ, ਆਸ਼ੀਸ਼ ਉਰਫ ਆਸ਼ੂ ਅਤੇ ਸਾਹਿਲ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 147, 148, 323, 307, 326, 506 ਅਤੇ 149 ਤਹਿਤ ਕੇਸ ਦਰਜ ਕੀਤਾ ਗਿਆ ਸੀ। ਐੱਫਆਈਆਰ ਅਨੁਸਾਰ 11 ਮਈ 2021 ਦੀ ਰਾਤ ਕਰੀਬ ਅੱਠ ਵਜੇ ਮੌਲੀ ਕੰਪਲੈਕਸ ਸਥਿਤ ਮਸਜਿਦ ਦੇ ਪਿੱਛੇ ਕੁਝ ਨੌਜਵਾਨਾਂ ਨੇ ਸੁਮਿਤ ਉਰਫ ਵਿੱਕੀ ’ਤੇ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾ ਰਾਜੂ ਕੁਮਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਸੂਚਨਾ ਮਿਲਣ ’ਤੇ ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਸੰਜੇ ਚਾਕੂ ਨਾਲ, ਰਾਹੁਲ ਲੋਹੇ ਦੀ ਰਾਡ ਨਾਲ ਅਤੇ ਗੋਪਾਲ ਡੰਡੇ ਨਾਲ ਵਿੱਕੀ ’ਤੇ ਹਮਲਾ ਕਰ ਰਹੇ ਸਨ, ਜਦਕਿ ਹੋਰ ਮੁਲਜ਼ਮ ਉਸ ਨੂੰ ਫੜ ਕੇ ਖੜ੍ਹੇ ਸਨ। ਜ਼ਖ਼ਮੀ ਵਿੱਕੀ ਨੂੰ ਪਹਿਲਾਂ ਸੈਕਟਰ-6 ਪੰਚਕੂਲਾ ਹਸਪਤਾਲ ਅਤੇ ਬਾਅਦ ਵਿੱਚ ਜੀਐੱਮਸੀਐੱਚ-32, ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਉਸ ਦੇ ਸਰੀਰ ’ਤੇ 11 ਸੱਟਾਂ ਦੇ ਨਿਸ਼ਾਨ ਮਿਲੇ, ਜਿਨ੍ਹਾਂ ਵਿੱਚੋਂ ਤਿੰਨ ਗੰਭੀਰ ਸਨ। ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਖੁਲਾਸਿਆਂ ਦੇ ਆਧਾਰ ’ਤੇ ਚਾਕੂ, ਲੋਹੇ ਦੀ ਰਾਡ ਅਤੇ ਡੰਡਾ ਬਰਾਮਦ ਕਰਨ ਦਾ ਦਾਅਵਾ ਕੀਤਾ। ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਪੁਲਿਸ ਨੇ ਅਦਾਲਤ ਵਿੱਚ ਚਾਲਾਨ ਪੇਸ਼ ਕੀਤਾ ਅਤੇ ਟ੍ਰਾਇਲ ਦੌਰਾਨ ਸਰਕਾਰੀ ਪੱਖ ਵੱਲੋਂ ਕੁੱਲ 17 ਗਵਾਹ ਪੇਸ਼ ਕੀਤੇ ਗਏ। ਸੁਣਵਾਈ ਦੌਰਾਨ ਅਦਾਲਤ ਨੇ ਪਾਇਆ ਕਿ ਸ਼ਿਕਾਇਤਕਰਤਾ ਅਤੇ ਜ਼ਖ਼ਮੀ ਦੇ ਬਿਆਨਾਂ ਵਿੱਚ ਕਈ ਥਾਵਾਂ ’ਤੇ ਵਿਰੋਧਾਭਾਸ ਹਨ। ਐੱਫਆਈਆਰ ਵੀ ਦੇਰੀ ਨਾਲ ਦਰਜ ਹੋਈ ਅਤੇ ਇਸ ਦੀ ਕੋਈ ਸਪੱਸ਼ਟ ਵਜ੍ਹਾ ਸਾਹਮਣੇ ਨਹੀਂ ਆਈ। ਜ਼ਖ਼ਮੀ ਨੇ ਇਹ ਵੀ ਮੰਨਿਆ ਕਿ ਉਸ ਨੂੰ ਪਹਿਲਾਂ ਕਿਸੇ ਹੋਰ ਝਗੜੇ ਵਿੱਚ ਵੀ ਸੱਟ ਲੱਗੀ ਸੀ। ਅਦਾਲਤ ਨੇ ਕਿਹਾ ਕਿ ਪੁਲਿਸ ਵੱਲੋਂ ਬਰਾਮਦ ਦਿਖਾਏ ਗਏ ਹਥਿਆਰ ਖੁੱਲ੍ਹੇ ਸਥਾਨ ਤੋਂ ਦਿਖਾਏ ਗਏ ਸਨ ਅਤੇ ਉਸ ਸਮੇਂ ਕੋਈ ਸੁਤੰਤਰ ਗਵਾਹ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ ਲੋਹੇ ਦੀ ਰਾਡ ਅਤੇ ਡੰਡੇ ’ਤੇ ਖੂਨ ਦੇ ਨਿਸ਼ਾਨ ਵੀ ਨਹੀਂ ਮਿਲੇ ਅਤੇ ਕੇਸ ਨਾਲ ਸਬੰਧਿਤ ਸਾਮਾਨ ਅਤੇ ਨਮੂਨਿਆਂ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਕੋਈ ਸਪੱਸ਼ਟ ਸਬੂਤ ਸਾਹਮਣੇ ਨਹੀਂ ਆਏ। ਅਦਾਲਤ ਨੇ ਕਿਹਾ ਕਿ ਫੌਜਦਾਰੀ ਮਾਮਲਿਆਂ ਵਿੱਚ ਦੋਸ਼ਾਂ ਨੂੰ ਸ਼ੱਕ ਤੋਂ ਪਰੇ ਸਾਬਤ ਕਰਨਾ ਲਾਜ਼ਮੀ ਹੁੰਦਾ ਹੈ, ਪਰ ਇਸ ਮਾਮਲੇ ਵਿੱਚ ਪੇਸ਼ ਕੀਤੇ ਗਏ ਸਬੂਤ ਭਰੋਸੇਯੋਗ ਨਹੀਂ ਹਨ। ਇਸ ਆਧਾਰ ’ਤੇ ਅਦਾਲਤ ਨੇ ਪੰਜੋਂ ਮੁਲਜ਼ਮਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਅਤੇ ਉਨ੍ਹਾਂ ਦੇ ਜ਼ਮਾਨਤ ਬਾਂਡ ਖਤਮ ਕਰ ਦਿੱਤੇ। ਨਾਲ ਹੀ ਹੁਕਮ ਦਿੱਤਾ ਕਿ ਜੇ ਮੁਲਜ਼ਮ ਰਾਹੁਲ ਕਿਸੇ ਹੋਰ ਮਾਮਲੇ ਵਿੱਚ ਲੁੜੀਂਦਾ ਨਹੀਂ ਹੈ ਤਾਂ ਉਸ ਨੂੰ ਰਿਹਾਅ ਕੀਤਾ ਜਾਵੇ।