ਡਾਕਟਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਡੇਢ ਲੱਖ ਰੁਪਏ ਚੋਰੀ
ਡਾਕਟਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਡੇਢ ਲੱਖ ਰੁਪਏ ਚੋਰੀ
Publish Date: Fri, 13 Mar 2026 06:29 PM (IST)
Updated Date: Fri, 13 Mar 2026 06:30 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-44 ਸਥਿਤ ਚੈਤਨਿਆ ਹਸਪਤਾਲ ਨੇੜੇ ਸ਼ੁੱਕਰਵਾਰ ਦੁਪਹਿਰ ਅਣਪਛਾਤੇ ਬਦਮਾਸ਼ਾਂ ਨੇ ਇਕ ਡਾਕਟਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਉਸ ’ਚ ਰੱਖਿਆ ਨਕਦੀ ਨਾਲ ਭਰਿਆ ਬੈਗ ਚੋਰੀ ਕਰ ਲਿਆ। ਬੈਗ ਵਿਚ ਕਰੀਬ ਡੇਢ ਲੱਖ ਰੁਪਏ ਹੋਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਸੈਕਟਰ-34 ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਹਾਲੀ ਨਿਵਾਸੀ ਡਾ. ਮੋਹਿਤ ਸ਼ਰਮਾ ਨੇ ਦੱਸਿਆ ਕਿ ਉਹ ਸੈਕਟਰ-43 ਵਿਚ ਆਪਣਾ ਕਲੀਨਿਕ ਚਲਾਉਂਦੇ ਹਨ ਅਤੇ ਚੈਤਨਿਆ ਹਸਪਤਾਲ ਵਿਚ ਵਿਜ਼ਿਟਿੰਗ ਡਾਕਟਰ ਵੀ ਹਨ। ਸ਼ੁੱਕਰਵਾਰ ਦੁਪਹਿਰ ਕਰੀਬ 2:15 ਵਜੇ ਉਹ ਮਰੀਜ਼ਾਂ ਨੂੰ ਵੇਖਣ ਲਈ ਹਸਪਤਾਲ ਪਹੁੰਚੇ ਸਨ। ਉਨ੍ਹਾਂ ਨੇ ਆਪਣੀ ਟੋਯੋਟਾ ਇਟਿਓਸ ਕਾਰ ਹਸਪਤਾਲ ਦੇ ਪਿੱਛੇ ਪਾਰਕ ਕੀਤੀ ਸੀ। ਕਰੀਬ 3:10 ਵਜੇ ਕੰਮ ਖਤਮ ਕਰਕੇ ਜਦੋਂ ਉਹ ਵਾਪਸ ਆਪਣੀ ਕਾਰ ਕੋਲ ਪਹੁੰਚੇ ਤਾਂ ਦੇਖਿਆ ਕਿ ਡਰਾਈਵਰ ਸਾਈਡ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਕਾਰ ਵਿੱਚ ਰੱਖਿਆ ਉਨ੍ਹਾਂ ਦਾ ਬੈਗ ਗਾਇਬ ਸੀ। ਡਾ. ਮੋਹਿਤ ਸ਼ਰਮਾ ਮੁਤਾਬਕ ਬੈਗ ਵਿੱਚ ਕਰੀਬ 1.50 ਲੱਖ ਰੁਪਏ ਨਕਦ ਸਨ। ਡਾਕਟਰ ਨੇ ਤੁਰੰਤ 112 ਨੰਬਰ ‘ਤੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸੈਕਟਰ-34 ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੀੜਤ ਦੇ ਮੁਤਾਬਕ ਚੋਰੀ ਹੋਈ ਰਕਮ ਉਸਦੇ ਕਲੀਨਿਕ ਦੀ 10 ਤੋਂ 15 ਦਿਨਾਂ ਦੀ ਕਮਾਈ ਸੀ, ਜਿਸ ਨੂੰ ਉਹ ਬੈਗ ਵਿੱਚ ਰੱਖ ਕੇ ਬਾਅਦ ਵਿੱਚ ਬੈਂਕ ਵਿੱਚ ਜਮ੍ਹਾ ਕਰਵਾਉਣ ਵਾਲੇ ਸਨ। ਪੁਲਿਸ ਨੇ ਡਾਕਟਰ ਦੇ ਬਿਆਨ ਦਰਜ ਕਰਕੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।