ਰਾਜਪਾਲ ਦੀ ਪਤਨੀ ਨੇ ਯੂਟੀ ਸਕੱਤਰੇਤ ਦਾ ਕੀਤਾ ਦੌਰਾ
ਕੌਮਾਂਤਰੀ ਮਹਿਲਾ ਦਿਵਸ ਮੌਕੇ ਰਾਜਪਾਲ ਦੀ ਪਤਨੀ ਨੇ ਯੂਟੀ ਸਕੱਤਰੇਤ ਦਾ ਕੀਤਾ ਦੌਰਾ
Publish Date: Mon, 09 Mar 2026 06:41 PM (IST)
Updated Date: Mon, 09 Mar 2026 06:42 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਪਤਨੀ ਅਨੀਤਾ ਕਟਾਰੀਆ ਨੇ ਪਹਿਲੀ ਵਾਰ ਯੂਟੀ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਸਥਿਤ ਉਨ੍ਹਾਂ ਦੇ ਦਫ਼ਤਰ ਦਾ ਦੌਰਾ ਕੀਤਾ। ਇਸ ਮੌਕੇ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਹ ਪਲ ਉਨ੍ਹਾਂ ਲਈ ਬਹੁਤ ਹੀ ਖਾਸ ਅਤੇ ਭਾਵੁਕ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਹਰ ਮਹਿਲਾ ਆਪਣੇ ਪਰਿਵਾਰ ਅਤੇ ਜੀਵਨ ਸਾਥੀ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪਰਿਵਾਰ ਪ੍ਰਤੀ ਉਸ ਦੀ ਸਮਰਪਣ ਭਾਵਨਾ, ਸਹਿਯੋਗ ਅਤੇ ਹੌਸਲਾ ਅਫ਼ਜ਼ਾਈ ਹੀ ਉਹ ਤਾਕਤ ਦਿੰਦੇ ਹਨ, ਜੋ ਅੱਗੇ ਵੱਧਣ ਅਤੇ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੀਵਨ ਸਾਥੀਆਂ ਦੇ ਕੰਮਾਂ ਵਿੱਚ ਔਰਤਾਂ ਦਾ ਸਹਿਯੋਗ ਅਤੇ ਪ੍ਰੇਰਨਾ ਉਨ੍ਹਾਂ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਉਨ੍ਹਾਂ ਨੇ ਸਾਰੀਆਂ ਔਰਤਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਸਮਾਜ ਵਿੱਚ ਔਰਤਾਂ ਦੇ ਸਨਮਾਨ, ਸਮਾਨ ਮੌਕਿਆਂ ਅਤੇ ਸਸ਼ਕਤੀਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਔਰਤਾਂ ਦੀ ਤਰੱਕੀ ਹੀ ਸਮਾਜ ਅਤੇ ਦੇਸ਼ ਦੀ ਤਰੱਕੀ ਦੀ ਬੁਨਿਆਦ ਹੈ।