ਸਟੇਟ ਲੈਵਲ ਹਾਕੀ ਖਿਡਾਰਣ ਦੀ ਹੱਤਿਆ ਦੇ ਦੋਸ਼ ’ਚ ਦੋ ਨਾਬਾਲਗ ਕਾਬੂ
ਸਟੇਟ ਲੈਵਲ ਹਾਕੀ ਖਿਡਾਰਣ ਦੀ ਹੱਤਿਆ ਦੇ ਦੋਸ਼ ’ਚ ਦੋ ਨਾਬਾਲਗ ਕਾਬੂ
Publish Date: Fri, 06 Mar 2026 07:31 PM (IST)
Updated Date: Fri, 06 Mar 2026 07:33 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-38 ਵਿਚ ਪ੍ਰਾਪਰਟੀ ਵਿਵਾਦ ਕਾਰਨ ਹੋਈ ਸਟੇਟ ਲੈਵਲ ਹਾਕੀ ਖਿਡਾਰਣ ਨੌਜਵਾਨ ਲੜਕੀ ਦੀ ਹੱਤਿਆ ਦੇ ਮਾਮਲੇ ਵਿਚ ਸੈਕਟਰ-39 ਥਾਣਾ ਪੁਲਿਸ ਨੇ ਵਾਰਦਾਤ ਵਿੱਚ ਸ਼ਾਮਲ ਦੋ ਨਾਬਾਲਗ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਅਪਰਾਧ ਵਿਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਦੋਵਾਂ ਨੂੰ ਸੈਕਟਰ-25 ਸਥਿਤ ਜੂਵੇਨਾਈਲ ਹੋਮ ਭੇਜ ਦਿੱਤਾ ਗਿਆ ਹੈ। ਇਹ ਕਾਰਵਾਈ ਸੈਕਟਰ-39 ਥਾਣਾ ਮੁਖੀ ਇੰਸਪੈਕਟਰ ਰਾਮ ਦਯਾਲ ਦੀ ਅਗਵਾਈ ਹੇਠ ਐੱਸਆਈ ਕੁਲਦੀਪ ਸਿੰਘ ਦੀ ਟੀਮ ਵੱਲੋਂ ਕੀਤੀ ਗਈ। ਪੁਲਿਸ ਟੀਮ ਨੇ ਵਾਰਦਾਤ ਤੋਂ ਕੁਝ ਹੀ ਸਮੇਂ ਬਾਅਦ ਦੋਹਾਂ ਨਾਬਾਲਗਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ 5 ਮਾਰਚ ਨੂੰ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸੈਕਟਰ-38 ਦੇ ਰਹਿਣ ਵਾਲੇ ਸ਼ਿਕਾਇਤਕਰਤਾ ਰਵੀ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪੇਸ਼ੇ ਤੋਂ ਆਟੋ ਚਾਲਕ ਹਨ। ਉਨ੍ਹਾਂ ਦੇ ਦਾਦਾ ਮਕਾਨ ਨੰਬਰ 682/1, ਸੈਕਟਰ-38ਏ ਦੇ ਮਾਲਕ ਸਨ। ਦੋਸ਼ ਹੈ ਕਿ ਪਿਛਲੇ ਲਗਭਗ 22 ਸਾਲਾਂ ਤੋਂ ਉਨ੍ਹਾਂ ਦੀ ਭੈਣ ਟੀਨਾ, ਉਸ ਦਾ ਨਾਬਾਲਗ ਪੁੱਤਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਰਵੀ ਅਤੇ ਉਸ ਦੇ ਪੁੱਤਰ ਗਗਨ, ਰਾਜ ਅਤੇ ਅਨਿਕੇਤ ਇਸ ਮਕਾਨ ’ਤੇ ਜਬਰਦਸਤੀ ਕਬਜ਼ਾ ਕੀਤੇ ਹੋਏ ਹਨ। ਸ਼ਿਕਾਇਤ ਅਨੁਸਾਰ 5 ਮਾਰਚ ਨੂੰ ਦੁਪਹਿਰ ਕਰੀਬ 3 ਤੋਂ 3:30 ਵਜੇ ਉਨ੍ਹਾਂ ਦੀ ਧੀ ਤਾਨਿਆ (21), ਧੀ ਖੁਸ਼ੀ (16) ਅਤੇ ਭਤੀਜਾ ਮਾਨਵ (16) ਮਕਾਨ ’ਤੇ ਵਿਵਾਦ ਸੁਲਝਾਉਣ ਲਈ ਗਏ ਸਨ। ਇਸ ਦੌਰਾਨ ਟੀਨਾ, ਉਸ ਦਾ ਨਾਬਾਲਗ ਪੁੱਤਰ ਅਤੇ ਹੋਰ ਮੁਲਜ਼ਮਾਂ ਨੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਝਗੜੇ ਦੌਰਾਨ ਇਕ ਨਾਬਾਲਗ ਨੇ ਤਾਨਿਆ ਦੀ ਪਿੱਠ ’ਤੇ ਤੇਜ਼ਧਾਰ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਡਿੱਗ ਗਈ। ਇਸ ਦੌਰਾਨ ਮੁਲਜ਼ਮਾਂ ਨੇ ਮਾਨਵ ’ਤੇ ਵੀ ਲੋਹੇ ਵਰਗੀ ਚੀਜ਼ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਗੰਭੀਰ ਹਾਲਤ ਵਿੱਚ ਤਾਨਿਆ ਨੂੰ ਤੁਰੰਤ ਜੀਐਮਐਸਐਚ-16 ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੀ ਸਵਿਫਟ ਕਾਰ ’ਤੇ ਵੀ ਪੱਥਰਬਾਜ਼ੀ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਦੋ ਨਾਬਾਲਗ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਹੈ। ਦੋਹਾਂ ਨੂੰ ਜੂਵੇਨਾਈਲ ਹੋਮ ਸੈਕਟਰ-25 ਭੇਜ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।