ਸੈਕਟਰ-17 ਪਲਾਜ਼ਾ ’ਚ ਔਰਤਾਂ ਦੀ ਮਸ਼ਾਲ ਯਾਤਰਾ, ਨਸ਼ਾ ਮੁਕਤ ਸਮਾਜ ਲਈ ਚੁੱਕੀ ਸਹੁੰ
ਸੈਕਟਰ-17 ਪਲਾਜ਼ਾ ਵਿੱਚ ਮਹਿਲਾਵਾਂ ਦੀ ਮਸ਼ਾਲ ਯਾਤਰਾ, ਨਸ਼ਾ ਮੁਕਤ ਸਮਾਜ ਲਈ ਚੁੱਕੀ ਸਹੁੰ
Publish Date: Fri, 06 Mar 2026 06:58 PM (IST)
Updated Date: Fri, 06 Mar 2026 07:00 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ਵਿਚ ਵਧ ਰਹੀ ਨਸ਼ੇ ਦੀ ਸਮੱਸਿਆ ਖ਼ਿਲਾਫ਼ ਕਿਰਤਵਨਿਸ਼ਠ ਯੁਵਾ ਸੰਗਠਨ ਵੱਲੋਂ ਚਲਾਏ ਜਾ ਰਹੇ ਜਨ-ਜਾਗਰੂਕਤਾ ਅਭਿਆਨ ਦੇ ਤਹਿਤ ਸੈਕਟਰ-17 ਪਲਾਜ਼ਾ ਵਿਚ ਔਰਤਾਂ ਦੀ ਅਗਵਾਈ ਵਿਚ ਇਕ ਪ੍ਰਭਾਵਸ਼ਾਲੀ ਮਸ਼ਾਲ ਯਾਤਰਾ ਕੱਢੀ ਗਈ। ਇਸ ਯਾਤਰਾ ਵਿਚ ਲਗਭਗ 400 ਤੋਂ 500 ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਆਮ ਨਾਗਰਿਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮਸ਼ਾਲ ਯਾਤਰਾ ਦੌਰਾਨ ਸੈਕੜਾਂ ਔਰਤਾਂ ਨੇ ਆਪਣੇ ਹੱਥਾਂ ਵਿਚ ਤਿਰੰਗਾ ਅਤੇ ਮਸ਼ਾਲ ਫੜ ਕੇ ਇਹ ਸੰਕਲਪ ਲਿਆ ਕਿ ਉਹ ਆਪਣੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਵਿਚ ਡੁੱਬਣ ਨਹੀਂ ਦੇਣਗੀਆਂ ਅਤੇ ਸਮਾਜ ਨੂੰ ਨਸ਼ੇ ਦੇ ਹਨੇਰੇ ਤੋਂ ਬਚਾਉਣ ਲਈ ਹਰ ਪੱਧਰ ’ਤੇ ਸੰਘਰਸ਼ ਕਰਨਗੀਆਂ। ਇਸ ਦੌਰਾਨ ਸੈਕਟਰ-17 ਪਲਾਜ਼ਾ ਵਿਚ ਦੇਸ਼ਭਗਤੀ ਦੇ ਨਾਅਰੇ ਅਤੇ ਜਾਗਰੂਕਤਾ ਦੇ ਸੰਦੇਸ਼ ਗੂੰਜਦੇ ਰਹੇ। ਇਸ ਮਸ਼ਾਲ ਯਾਤਰਾ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਮਹਿਲਾਵਾਂ ਡਾਕਟਰ, ਵਕੀਲ, ਪੁਲਿਸ ਅਧਿਕਾਰੀ, ਅਧਿਆਪਕਾ, ਪ੍ਰੋਫੈਸਰ, ਐਨਐਸਐਸ ਪ੍ਰੋਗਰਾਮ ਅਫਸਰ ਅਤੇ ਐਨਐਸਐਸ ਸਵੈਸੇਵਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਮਹਿਲਾਵਾਂ ਨੇ ਹੱਥਾਂ ਵਿੱਚ ਮਸ਼ਾਲਾਂ ਅਤੇ ਤਿਰੰਗੇ ਲੈ ਕੇ ਇਹ ਸੰਦੇਸ਼ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਸ਼ੇ ਦੇ ਹਨੇਰੇ ਨੂੰ ਖਤਮ ਕਰਕੇ ਜਾਗਰੂਕਤਾ ਦੀ ਮਸ਼ਾਲ ਨਾਲ ਸਮਾਜ ਵਿੱਚ ਰੌਸ਼ਨੀ ਫੈਲਾਈ ਜਾਵੇ। ਪ੍ਰੋਗਰਾਮ ਦੌਰਾਨ ਆਰਜੇ ਕਸ਼ਿਸ਼ ਨੇ ਮੰਚ ਸੰਚਾਲਨ ਕਰਦੇ ਹੋਏ ਹਾਜ਼ਰ ਲੋਕਾਂ ਨੂੰ ਇਸ ਮਹੱਤਵਪੂਰਨ ਮਕਸਦ ਲਈ ਇਕਜੁੱਟ ਹੋਣ ਅਤੇ ਨਸ਼ੇ ਦੇ ਖ਼ਿਲਾਫ਼ ਲੜਾਈ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਡੀਐਸਪੀ ਚੰਡੀਗੜ੍ਹ ਪੁਲਿਸ ਦਲਵੀਰ ਸਿੰਘ ਅਤੇ ਰਾਸ਼ਟਰੀ ਸੇਵਾ ਯੋਜਨਾ (ਐਨਐਸਐਸ) ਚੰਡੀਗੜ੍ਹ ਦੇ ਰਾਜ ਸੰਪਰਕ ਅਧਿਕਾਰੀ ਪ੍ਰੋ. ਨੇਮੀ ਚੰਦ ਗੋਲੀਆ ਵੀ ਹਾਜ਼ਰ ਰਹੇ। ਉਨ੍ਹਾਂ ਨੇ ਇਸ ਪਹਲ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਅਤੇ ਨਾਗਰਿਕਾਂ ਨੂੰ ਨਸ਼ਾ-ਮੁਕਤ ਸਮਾਜ ਦੀ ਸਥਾਪਨਾ ਲਈ ਅੱਗੇ ਆਉਣ ਦੀ ਅਪੀਲ ਕੀਤੀ। ਅਭਿਆਨ ਦੇ ਸੰਯੋਜਕ ਸੰਜੀਵ ਰਾਣਾ ਨੇ ਕਿਹਾ ਕਿ ਇਹ ਕੇਵਲ ਇਕ ਦਿਨ ਦਾ ਕਾਰਜਕ੍ਰਮ ਨਹੀਂ, ਸਗੋਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਸ਼ੁਰੂ ਕੀਤਾ ਗਿਆ ਇਕ ਮਜ਼ਬੂਤ ਜਨ-ਅੰਦੋਲਨ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਜਾਗਰੂਕਤਾ ਅਭਿਆਨ ਸ਼ਹਿਰ ਭਰ ਵਿੱਚ ਵੱਖ-ਵੱਖ ਗਤੀਵਿਧੀਆਂ ਰਾਹੀਂ 23 ਮਾਰਚ, ਸ਼ਹੀਦੀ ਦਿਵਸ ਤੱਕ ਜਾਰੀ ਰਹੇਗਾ। ਮਹਿਲਾਵਾਂ ਨੇ ਦੇਸ਼ਭਕਤੀ ਦੇ ਨਾਰਿਆਂ ਨਾਲ ਇਹ ਸੰਦੇਸ਼ ਵੀ ਦਿੱਤਾ, “ਮੈਂ ਭਗਤ ਸਿੰਘ ਦੀ ਧਰਤੀ ਦਾ ਪੁੱਤ ਹਾਂ — ਨਸ਼ਾ ਨਹੀਂ, ਦੇਸ਼ਭਕਤੀ ਦੇ ਗੀਤ ਗਾਂਦਾ ਹਾਂ।” ਇਸ ਅਭਿਆਨ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਵਿੱਚ ਸੁਨੀਤਾ ਸ਼ਿਓਰਾਣ, ਸੀਮਾ ਚੌਧਰੀ, ਮਨਪ੍ਰੀਤ ਕੌਰ, ਡਾ. ਨਿਸ਼ਾ ਸਿੰਗਲਾ, ਨੀਲਾਕਸ਼ੀ ਅਤੇ ਆਰਜੇ ਕਸ਼ਿਸ਼ ਸ਼ਾਮਲ ਸਨ। ਇਸ ਤੋਂ ਇਲਾਵਾ ਵਿਦਿਆਰਥੀ ਸਵੈਸੇਵਕ ਕੇਤਨ ਅਤੇ ਸਿਮਰਨ ਨੇ ਵੀ ਅਭਿਆਨ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।