ਐਪਸਟਿਨ ਫਾਈਲ ’ਚ ਹਰਦੀਪ ਪੁਰੀ ਦਾ ਨਾਮ ਆਉਣ ਦੇ ਵਿਰੋਧ ’ਚ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ
ਐਪਸਟਿਨ ਫਾਈਲ ਵਿੱਚ ਹਰਦੀਪ ਪੁਰੀ ਦਾ ਨਾਮ ਆਉਣ ਦੇ ਵਿਰੋਧ ਵਿੱਚ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ
Publish Date: Fri, 06 Mar 2026 06:24 PM (IST)
Updated Date: Fri, 06 Mar 2026 06:27 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਐਪਸਟਿਨ ਫਾਈਲ ਵਿਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਮ ਸਾਹਮਣੇ ਆਉਣ ਦੇ ਵਿਰੋਧ ’ਚ ਸ਼ੁੱਕਰਵਾਰ ਨੂੰ ਚੰਡੀਗੜ੍ਹ ਮਹਿਲਾ ਕਾਂਗਰਸ ਨੇ ਭਾਜਪਾ ਦੇ ਪ੍ਰਦੇਸ਼ ਦਫ਼ਤਰ ਕਮਲਮ ਵੱਲ ਜ਼ੋਰਦਾਰ ਮਾਰਚ ਕੱਢਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹਰਦੀਪ ਸਿੰਘ ਪੁਰੀ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ। ਮਾਰਚ ਦੌਰਾਨ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਹੱਥਾਂ ਵਿਚ ਤਖ਼ਤੀਆਂ ਅਤੇ ਪਾਰਟੀ ਦੇ ਝੰਡੇ ਫੜ ਕੇ ਕੇਂਦਰ ਸਰਕਾਰ ਅਤੇ ਕੇਂਦਰੀ ਮੰਤਰੀ ਦੇ ਖ਼ਿਲਾਫ਼ ਨਾਰੇਬਾਜ਼ੀ ਕੀਤੀ। ਪ੍ਰਦਰਸ਼ਨ ਦੀ ਅਗਵਾਈ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐਚ.ਐਸ. ਲੱਕੀ, ਮਹਿਲਾ ਕਾਂਗਰਸ ਦੀ ਪ੍ਰਦੇਸ਼ ਪ੍ਰਧਾਨ ਨੰਦਿਤਾ ਹੁੱਡਾ, ਅਖਿਲ ਭਾਰਤੀ ਮਹਿਲਾ ਕਾਂਗਰਸ ਦੀ ਸਕੱਤਰ ਡਾ. ਸਾਕਸ਼ੀ ਚੌਧਰੀ, ਕੋਆਰਡੀਨੇਟਰ ਸ਼ਾਲਿਕਾ, ਕੌਂਸਲਰ ਪ੍ਰੇਮਲਤਾ ਅਤੇ ਕੌਂਸਲਰ ਤਰੁਣ ਮਹੇਤਾ ਸਮੇਤ ਕਈ ਆਗੂਆਂ ਨੇ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾ ਕਾਂਗਰਸ ਦੀਆਂ ਵਰਕਰਾਂ ਮੌਜੂਦ ਰਹੀਆਂ। ਪ੍ਰਦੇਸ਼ ਪ੍ਰਧਾਨ ਨੰਦਿਤਾ ਹੁੱਡਾ ਨੇ ਕਿਹਾ ਕਿ ਐਪਸਟਿਨ ਫਾਈਲ ਵਿੱਚ ਕਿਸੇ ਕੇਂਦਰੀ ਮੰਤਰੀ ਦਾ ਨਾਮ ਸਾਹਮਣੇ ਆਉਣਾ ਬਹੁਤ ਗੰਭੀਰ ਅਤੇ ਸ਼ਰਮਨਾਕ ਮਾਮਲਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇੰਨੇ ਗੰਭੀਰ ਦੋਸ਼ਾਂ ਦੇ ਬਾਵਜੂਦ ਮੰਤਰੀ ਦਾ ਅਹੁਦੇ ’ਤੇ ਬਣੇ ਰਹਿਣਾ ਠੀਕ ਨਹੀਂ ਹੈ ਅਤੇ ਨੈਤਿਕ ਅਧਾਰ ’ਤੇ ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਡਾ. ਸਾਕਸ਼ੀ ਚੌਧਰੀ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਦੋਂ ਕਿਸੇ ਰਾਜਨੇਤਾ ਦਾ ਨਾਮ ਇਸ ਤਰ੍ਹਾਂ ਦੇ ਗੰਭੀਰ ਮਾਮਲਿਆਂ ਵਿੱਚ ਸਾਹਮਣੇ ਆਉਂਦਾ ਹੈ ਤਾਂ ਉਹ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਹੁਦਾ ਛੱਡ ਦਿੰਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਮਾਮਲੇ ’ਤੇ ਕੇਂਦਰ ਸਰਕਾਰ ਚੁੱਪ ਸਾਧੇ ਬੈਠੀ ਹੈ। ਐਚ.ਐਸ. ਲੱਕੀ ਨੇ ਕਿਹਾ ਕਿ ਮਹਿਲਾ ਕਾਂਗਰਸ ਨੇ ਇੱਕ ਮਹੱਤਵਪੂਰਨ ਮਾਮਲਾ ਉਠਾਇਆ ਹੈ ਅਤੇ ਇਸ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਕੇਂਦਰੀ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਪ੍ਰਦਰਸ਼ਨ ਦੌਰਾਨ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਹਰਦੀਪ ਸਿੰਘ ਪੁਰੀ ਦਾ ਪੁਤਲਾ ਵੀ ਸਾੜਿਆ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਰੇਬਾਜ਼ੀ ਕੀਤੀ। ਇਸ ਮੌਕੇ ਮਮਤਾ ਡੋਗਰਾ, ਕੁਲਜੀਤ ਕੌਰ, ਰਾਣੋ ਦੇਵੀ, ਲਲਿਤਾ, ਓਮਲਤਾ, ਸੋਨੀਆ, ਸੋਨੀਆ ਜੈਸਵਾਲ, ਮਮਤਾ ਰਾਇ, ਪੂਨਮ, ਮਾਇਆ, ਬਲਵਿੰਦਰ ਕੌਰ, ਸੁਮਨ ਵੈਦ, ਕਵਿਤਾ, ਪਰਮਜੀਤ ਕੌਰ, ਸੋਨੀਆ ਗੁਰਚਰਨ, ਸੋਨੀਆ ਦੁੱਗਲ, ਕੇਸ਼ਮਪ੍ਰੀਤ, ਯੋਗਿਤਾ, ਅਮਰਜੀਤ ਅਤੇ ਗੀਤਾ ਸਮੇਤ ਕਈ ਪਦਾਧਿਕਾਰੀ ਅਤੇ ਵਰਕਰ ਮੌਜੂਦ ਰਹੇ।