ਲੁੱਟ ਦੇ ਮਾਮਲੇ ’ਚ ਤਿੰਨ ਦੋਸ਼ੀਆਂ ਨੂੰ 10-10 ਸਾਲ ਦੀ ਕੈਦ
ਲੁੱਟ ਦੇ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ 10-10 ਸਾਲ ਦੀ ਕੈਦ
Publish Date: Mon, 02 Mar 2026 07:50 PM (IST)
Updated Date: Mon, 02 Mar 2026 07:52 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਜ਼ਿਲ੍ਹਾ ਅਦਾਲਤ ਨੇ ਪਿਸਤੌਲ ਅਤੇ ਚਾਕੂ ਦੀ ਨੋਕ ’ਤੇ ਕੀਤੀ ਗਈ ਲੁੱਟ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲੇ ਦੋਸ਼ੀਆਂ ਦੀ ਪਛਾਣ ਮੌਲੀਜਾਗਰਾਂ ਦੇ ਰਹਿਣ ਵਾਲੇ ਧਨਿਆ, ਮੱਛੀ ਅਤੇ ਬੇਮਬੋ ਵਜੋਂ ਹੋਈ ਹੈ। ਦਾਇਰ ਮਾਮਲੇ ਅਨੁਸਾਰ ਸੈਕਟਰ-38 ਵੈਸਟ ਦੇ ਰਹਿਣ ਵਾਲੇ ਪੰਕਜ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਕਿਸੇ ਕੰਮ ਸਬੰਧੀ ਮੌਲੀਜਾਗਰਾਂ ਆ ਰਿਹਾ ਸੀ। ਆਟੋ ਰਾਹੀਂ ਚੰਡੀਗੜ੍ਹ ਰੇਲਵੇ ਸਟੇਸ਼ਨ ਉੱਤੇ ਉਤਰਣ ਤੋਂ ਬਾਅਦ ਉਹ ਪੈਦਲ ਮੌਲੀਜਾਗਰਾਂ ਵੱਲ ਜਾ ਰਿਹਾ ਸੀ। ਰਾਤ ਕਰੀਬ 8 ਵਜੇ ਜਿਵੇਂ ਹੀ ਉਹ ਸ਼ਿਵ ਮੰਦਰ ਦੇ ਨੇੜੇ ਪਹੁੰਚਿਆ ਤਾਂ ਉੱਥੇ ਕੁਝ ਲੜਕਿਆਂ ਨੇ ਉਸ ਦਾ ਰਸਤਾ ਰੋਕ ਲਿਆ। ਉਨ੍ਹਾਂ ਵਿੱਚੋਂ ਇੱਕ ਨੇ ਸ਼ਿਕਾਇਤਕਰਤਾ ਦੇ ਪੇਟ ’ਤੇ ਚਾਕੂ ਰੱਖ ਦਿੱਤਾ ਅਤੇ ਦੂਜੇ ਨੇ ਪਿੱਛੋਂ ਉਸ ਦੀ ਕਮਰ ’ਤੇ ਪਿਸਤੌਲ ਤਾਣ ਦਿੱਤੀ ਅਤੇ ਕਿਹਾ ਕਿ ਚੀਖਣਾ ਨਹੀਂ, ਨਹੀਂ ਤਾਂ ਗੋਲੀ ਮਾਰ ਦੇਵਾਂਗੇ। ਇਸ ਦੌਰਾਨ ਇੱਕ ਦੋਸ਼ੀ ਨੇ ਦੋ ਹੋਰਨਾਂ ਨੂੰ ਕਿਹਾ ਕਿ ਤੁਸੀਂ ਜਲਦੀ ਇਸ ਦੇ ਕੋਲੋਂ ਜੋ ਕੁਝ ਹੈ ਕੱਢ ਲਓ। ਪਿੱਛੇ ਪਿਸਤੌਲ ਤਾਣ ਕੇ ਖੜ੍ਹੇ ਦੋਸ਼ੀ ਨੇ ਧਮਕੀ ਦਿੱਤੀ ਕਿ ਜੇ ਕੋਈ ਵਿਰੋਧ ਕੀਤਾ ਤਾਂ ਗੋਲੀ ਮਾਰ ਦਿੱਤੀ ਜਾਵੇਗੀ। ਡਰ ਦੇ ਕਾਰਨ ਪੀੜਤ ਚੁੱਪਚਾਪ ਖੜ੍ਹਾ ਰਿਹਾ ਅਤੇ ਦੋਸ਼ੀ ਉਸ ਦੇ ਕੋਲੋਂ ਪਰਸ ਅਤੇ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਮੁਤਾਬਿਕ ਪਰਸ ਵਿੱਚ ਲਗਭਗ 600 ਰੁਪਏ ਨਕਦ ਅਤੇ ਆਧਾਰ ਕਾਰਡ ਮੌਜੂਦ ਸੀ। ਮਾਮਲੇ ਵਿੱਚ ਮੌਲੀਜਾਗਰਾਂ ਥਾਣਾ ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਰੀਬ 6 ਸਾਲ ਤਕ ਚੱਲੀ ਅਦਾਲਤੀ ਕਾਰਵਾਈ ਤੋਂ ਬਾਅਦ ਸੋਮਵਾਰ ਨੂੰ ਅਦਾਲਤ ਨੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ।