ਲਾਰੈਂਸ ਖ਼ਿਲਾਫ 14 ਸਾਲ ਪੁਰਾਣੇ ਕਤਲ ਦੀ ਕੋਸ਼ਿਸ਼ ਮਾਮਲੇ ’ਚ ਗਵਾਹਾਂ ਨੂੰ ਸੰਮਨ ਜਾਰੀ
ਲਾਰੈਂਸ ਖ਼ਿਲਾਫ 14 ਸਾਲ ਪੁਰਾਣੇ ਕਤਲ ਦੀ ਕੋਸ਼ਿਸ਼ ਮਾਮਲੇ ‘ਚ ਗਵਾਹਾਂ ਨੂੰ ਸਮਨ ਜਾਰੀ
Publish Date: Mon, 02 Mar 2026 07:47 PM (IST)
Updated Date: Mon, 02 Mar 2026 07:49 PM (IST)

- ਅਦਾਲਤ ’ਚ ਲਾਰੈਂਸ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬ 14 ਸਾਲ ਪੁਰਾਣੇ ਹਿੰਸਕ ਵਿਦਿਆਰਥੀ ਝੜਪ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸੋਮਵਾਰ ਨੂੰ ਟ੍ਰਾਇਲ ਦੌਰਾਨ ਜ਼ਿਲ੍ਹਾ ਅਦਾਲਤ ਨੇ ਜਾਂਚ ਅਧਿਕਾਰੀ ਨੂੰ ਬਾਕੀ ਗਵਾਹਾਂ ਨੂੰ ਸੰਮਨ ਤਾਮੀਲ ਕਰਵਾਉਣ ਦੇ ਹੁਕਮ ਜਾਰੀ ਕੀਤੇ। ਇਸ ਦੌਰਾਨ ਲਾਰੈਂਸ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਗਈ। ਮਾਮਲੇ ਦੀ ਪਿਛਲੀ ਤਰੀਕ ’ਤੇ ਸਰਕਾਰੀ ਪੱਖ ਦੇ ਗਵਾਹ ਨਵਨੀਤ ਸਿੰਘ ਨੇ ਲਾਰੈਂਸ ਬਿਸ਼ਨੋਈ ਨੂੰ ਪਛਾਣਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ਹਿਰ ਦੇ ਸੈਕਟਰ-10 ਸਥਿਤ ਡੀਏਵੀ ਕਾਲਜ ਵਿੱਚ ਸਾਲ 2012 ਵਿੱਚ ਹੋਈ ਹਿੰਸਕ ਵਿਦਿਆਰਥੀ ਝੜਪ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਖ਼ਿਲਾਫ ਜ਼ਿਲ੍ਹਾ ਅਦਾਲਤ ਵਿੱਚ ਟ੍ਰਾਇਲ ਜਾਰੀ ਹੈ। ਸੁਣਵਾਈ ਦੌਰਾਨ ਸਰਕਾਰੀ ਪੱਖ ਦਾ ਇੱਕ ਅਹਿਮ ਗਵਾਹ ਆਪਣੇ ਬਿਆਨ ਤੋਂ ਮੁਕਰ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਹੋਸਟਾਈਲ ਐਲਾਨ ਕਰ ਦਿੱਤਾ। ਬਿਆਨ ਤੋਂ ਮੁਕਰਨ ਵਾਲਾ ਗਵਾਹ ਸ਼ਿਕਾਇਤਕਰਤਾ ਦਾ ਸਾਥੀ ਸੀ। ਮਾਮਲਾ ਹਾਲੇ ਗਵਾਹੀ ਦੀ ਪ੍ਰਕਿਰਿਆ ਵਿੱਚ ਹੈ ਅਤੇ ਕਈ ਗਵਾਹ ਹਾਲੇ ਬਾਕੀ ਹਨ, ਜੋ ਘਟਨਾ ਸਮੇਂ ਚਸ਼ਮਦੀਦ ਸਨ। ਸਟਾਰ ਨਾਈਟ ਪ੍ਰੋਗਰਾਮ ਦੌਰਾਨ ਹੋਇਆ ਸੀ ਵਿਵਾਦ : ਪੁਲਿਸ ਅਨੁਸਾਰ ਮਾਰਚ 2012 ਵਿੱਚ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਨਾਲ ਜੁੜੇ ਦੋ ਵਿਦਿਆਰਥੀ ਜਥੇਬੰਦੀਆਂ ਦੇ ਸਮਰਥਕਾਂ ਵਿਚਕਾਰ ਵਿਵਾਦ ਹੋਇਆ ਸੀ। ਸ਼ਿਕਾਇਤਕਰਤਾ ਅੰਕਿਤ ਗਰੋਵਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਸਾਥੀਆਂ ਨਾਲ ਪੰਜਾਬ ਯੂਨੀਵਰਸਿਟੀ ਗਿਆ ਸੀ, ਜਿੱਥੇ ਵਿਦਿਆਰਥੀ ਜਥੇਬੰਦੀ ਪੂਸੂ (ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ) ਦੇ ਆਗੂ ਜੀਵਨਜੋਤ ਚਹਿਲ ਨੂੰ ਚੇਅਰਮੈਨ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਸਾਰੇ ਵਿਦਿਆਰਥੀ ਸੈਕਟਰ-10 ਸਥਿਤ ਡੀਏਵੀ ਕਾਲਜ ਵਿੱਚ ਕਰਵਾਏ ਸਟਾਰ ਨਾਈਟ ਪ੍ਰੋਗਰਾਮ ਵਿੱਚ ਪਹੁੰਚੇ ਸਨ। ਤਾਲਾ ਤੋੜ ਕੇ ਕਾਲਜ ’ਚ ਦਾਖ਼ਲ ਹੋਣ ਤੇ ਹਮਲੇ ਦੇ ਦੋਸ਼ : ਸ਼ਿਕਾਇਤ ਮੁਤਾਬਿਕ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਪੰਜਾਬ ਯੂਨੀਵਰਸਿਟੀ (ਸੋਪੂ) ਨਾਲ ਜੁੜੇ ਨੌਜਵਾਨਾਂ ਦਾ ਇੱਕ ਗਰੁੱਪ, ਜਿਸ ਦੀ ਅਗਵਾਈ ਲਾਰੈਂਸ ਬਿਸ਼ਨੋਈ ਅਤੇ ਅਮਨਦੀਪ ਸਿੰਘ ਮੁਲਤਾਨੀ ਕਰ ਰਹੇ ਸਨ, ਕਾਲਜ ਦੇ ਪਿਛਲੇ ਗੇਟ ਦਾ ਤਾਲਾ ਤੋੜ ਕੇ ਕੈਂਪਸ ਵਿੱਚ ਦਾਖ਼ਲ ਹੋਇਆ। ਦੋਸ਼ ਹੈ ਕਿ ਉੱਥੇ ਮੌਜੂਦ ਪੂਸੂ ਸਮਰਥਕਾਂ ’ਤੇ ਹਮਲਾ ਕੀਤਾ ਗਿਆ। ਘਟਨਾ ਦੌਰਾਨ ਗੋਲੀ ਚਲਾਉਣ ਦਾ ਦੋਸ਼ ਲੱਗਾ, ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ। ਜਿਸ ਵਿਚ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਹਮਲੇ ਦੌਰਾਨ ਪੂਸੂ ਮੈਂਬਰ ਚਰਨਦੇਵ ਸਿੰਘ ਨੂੰ ਗੋਲੀ ਲੱਗਣ ਦਾ ਦੋਸ਼ ਲਗਾਇਆ ਗਿਆ ਸੀ। ਸੈਕਟਰ-3 ਥਾਣੇ ’ਚ ਦਰਜ ਹੋਇਆ ਮਾਮਲਾ : ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਥਾਣਾ ਸੈਕਟਰ-3 ਵਿੱਚ ਮਾਮਲਾ ਦਰਜ ਕੀਤਾ। ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 307 (ਕਤਲ ਦੀ ਕੋਸ਼ਿਸ਼), 148 ਅਤੇ 149 (ਹਥਿਆਰਬੰਦ ਦੰਗਾ), 452 (ਜ਼ਬਰਦਸਤੀ ਦਾਖ਼ਲਾ), 323 ਅਤੇ 325 (ਕੁੱਟਮਾਰ ), 506 (ਆਪਰਾਧਿਕ ਧਮਕੀ) ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਗਵਾਹ ਮੁਕਰਨ ਨਾਲ ਚਾਰ ਮੁਲਜ਼ਮ ਬਰੀ : ਮਾਮਲੇ ਦੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਸਮੇਤ ਕਈ ਗਵਾਹ ਆਪਣੇ ਪਹਿਲਾਂ ਦਿੱਤੇ ਬਿਆਨਾਂ ਤੋਂ ਮੁਕਰ ਗਏ, ਜਿਸ ਕਰ ਕੇ ਸਬੂਤਾਂ ਦੀ ਘਾਟ ਵਿੱਚ ਹੇਠਲੀ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਬਰੀ ਕੀਤੇ ਗਏ ਮੁਲਜ਼ਮਾਂ ਵਿੱਚ ਅਮਨਦੀਪ ਸਿੰਘ ਮੁਲਤਾਨੀ, ਵਿਕਰਮਜੀਤ ਸਿੰਘ, ਤਰਸੇਮ ਸਿੰਘ ਅਤੇ ਰਣਜੋਤ ਸਿੰਘ ਸ਼ਾਮਲ ਸਨ। ਸਿਰਫ ਬਿਸ਼ਨੋਈ ਖ਼ਿਲਾਫ ਟ੍ਰਾਇਲ ਪੈਂਡਿੰਗ : ਇਸ ਮਾਮਲੇ ਵਿੱਚ ਹੁਣ ਸਿਰਫ਼ ਲਾਰੈਂਸ ਬਿਸ਼ਨੋਈ ਖ਼ਿਲਾਫ਼ ਹੀ ਅਦਾਲਤ ਵਿੱਚ ਸੁਣਵਾਈ ਜਾਰੀ ਹੈ। ਉਸ ਨੂੰ ਪਹਿਲਾਂ ਭਗੌੜਾ ਅਪਰਾਧੀ ਐਲਾਨ ਕੀਤਾ ਜਾ ਚੁੱਕਾ ਹੈ। ਜਨਵਰੀ 2022 ਵਿੱਚ ਅਦਾਲਤ ਵੱਲੋਂ ਦੋਸ਼ ਤੈਅ ਕੀਤੇ ਜਾਣ ਤੋਂ ਬਾਅਦ ਹੁਣ ਮਾਮਲੇ ਦਾ ਟ੍ਰਾਇਲ ਚੱਲ ਰਿਹਾ ਹੈ। ਇਹ ਮਾਮਲਾ ਉਸ ਸਮੇਂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਨਾਲ ਜੁੜੀਆਂ ਸਭ ਤੋਂ ਚਰਚਿਤ ਹਿੰਸਕ ਘਟਨਾਵਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ, ਜਿਸ ਨੇ ਬਾਅਦ ਵਿੱਚ ਗੈਂਗ ਰੰਜ਼ਿਸ਼ ਦਾ ਰੂਪ ਧਾਰ ਲਿਆ ਸੀ।