ਜੰਗਲਾਤ ਵਿਭਾਗ ਨੇ ਸਕੂਲਾਂ ’ਚ ਕਰਵਾਈ ਤਕਨੀਕੀ ਵਰਕਸ਼ਾਪ
ਜੰਗਲਾਤ ਵਿਭਾਗ ਵੱਲੋਂ ਸਕੂਲਾਂ ਲਈ ਖ਼ਤਰਨਾਕ ਅਤੇ ਖੋਖਲੇ ਦਰੱਖਤਾਂ ਬਾਰੇ ਤਕਨੀਕੀ ਵਰਕਸ਼ਾਪ ਆਯੋਜਿਤ
Publish Date: Mon, 02 Mar 2026 06:59 PM (IST)
Updated Date: Mon, 02 Mar 2026 07:01 PM (IST)

- ਖ਼ਤਰਨਾਕ ਤੇ ਖੋਖਲੇ ਦਰੱਖਤਾਂ ਬਾਰੇ ਦਿੱਤੀ ਜਾਣਕਾਰੀ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਵੱਖ-ਵੱਖ ਕੈਂਪਸਾਂ ਵਿੱਚ ਮੌਜੂਦ ਸੁੱਕੇ, ਖ਼ਤਰਨਾਕ ਅਤੇ ਖੋਖਲੇ ਦਰੱਖਤਾਂ ਦੀ ਵਿਗਿਆਨਕ ਪਛਾਣ ਅਤੇ ਜ਼ੋਖਮ ਮੁਲਾਂਕਣ ਸਬੰਧੀ ਸਕੂਲਾਂ ਲਈ ਇਕ ਤਕਨੀਕੀ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਉਦੇਸ਼ ਪਹਿਲਾਂ ਹੀ ਪਛਾਣ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਦਰੱਖਤਾਂ ਦੇ ਜ਼ੋਖਮ ਦੀ ਪ੍ਰਣਾਲੀਬੱਧ ਜਾਂਚ ਲਈ ਸੰਸਥਾਗਤ ਸਮਰੱਥਾ ਦਾ ਵਿਕਾਸ ਕਰਨਾ ਸੀ, ਤਾਂ ਜੋ ਤੇਜ਼ ਹਵਾਵਾਂ, ਭਾਰੀ ਬਾਰਿਸ਼ ਅਤੇ ਹੋਰਨਾਂ ਮੌਸਮੀ ਹਾਲਾਤਾਂ ਦੌਰਾਨ ਦਰੱਖਤ ਡਿੱਗਣ ਵਾਲੀਆਂ ਘਟਨਾਵਾਂ ਤੋਂ ਬਚਾਅ ਕੀਤਾ ਜਾ ਸਕੇ। ਵਿਚਾਰ-ਵਟਾਂਦਰਾ ਦੌਰਾਨ ਅਰਬੋਰਿਕਲਚਰ ਅਸੈੱਸਮੈਂਟ ਤਕਨੀਕਾਂ, ਸੰਰਚਨਾਤਮਕ ਖਾਮੀਆਂ ਦੀ ਪਛਾਣ ਅਤੇ ਵਿਜੁਅਲ ਟਰੀ ਅਸੈੱਸਮੈਂਟ ਵਿਧੀਆਂ ’ਤੇ ਕੇਂਦਰਿਤ ਚਰਚਾ ਕੀਤੀ ਗਈ। ਤਕਨੀਕੀ ਸੈਸ਼ਨ ਵਿੱਚ ਦਰੱਖਤਾਂ ਦੀ ਗਿਰਾਵਟ ਦੇ ਜੈਵਿਕ ਅਤੇ ਸੰਰਚਨਾਤਮਕ ਸੰਕੇਤਾਂ ਦੀ ਪਛਾਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਟਾਹਣੀਆਂ ਦਾ ਸੁੱਕਣਾ (ਕਰਾਊਨ ਡਾਈਬੈਕ), ਛਾਲ ਦਾ ਢਿੱਲਾ ਹੋਣਾ, ਫੰਗਸ ਦੀ ਮੌਜੂਦਗੀ, ਖੋਖਲਾਪਣ, ਦਰਾਰਾਂ, ਜੜ੍ਹਾਂ ਦੀ ਅਸਥਿਰਤਾ ਅਤੇ ਅਸਧਾਰਣ ਝੁਕਾਅ ਸ਼ਾਮਲ ਹਨ। ਭਾਗੀਦਾਰਾਂ ਨੂੰ ਸੁੱਕੀਆਂ ਟਾਹਣੀਆਂ ਅਤੇ ਸੰਰਚਨਾਤਮਕ ਤੌਰ ‘ਤੇ ਕਮਜ਼ੋਰ ਟਾਹਣੀਆਂ ਵਿੱਚ ਫਰਕ ਕਰਨ ਅਤੇ ਬਾਹਰੀ ਸੰਕੇਤਾਂ ਦੇ ਆਧਾਰ ’ਤੇ ਅੰਦਰੂਨੀ ਸੜਨ ਅਤੇ ਖੋਖਲੇ ਤਣਿਆਂ ਦੀ ਪਛਾਣ ਕਰਨ ਦੀ ਟ੍ਰੇਨਿੰਗ ਦਿੱਤੀ ਗਈ। ਚਰਚਾ ਦੌਰਾਨ ਲੋਡ ਵੰਡ, ਛੱਤਰ ਸੰਤੁਲਨ ਅਤੇ ਜੜ੍ਹਾਂ ਦੀ ਮਜ਼ਬੂਤੀ ਨੂੰ ਸਮਝਣ ’ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰਣਾਲੀਬੱਧ ਦਸਤਾਵੇਜ਼ੀਕਰਨ, ਸਮੇਂ ਸਿਰ ਰਿਪੋਰਟਿੰਗ ਅਤੇ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਦੇ ਪ੍ਰੋਟੋਕੋਲਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਲੋੜ ਅਨੁਸਾਰ ਦਰੱਖਤ ਹਟਾਉਣ ਵਰਗੇ ਉਚਿਤ ਕਦਮ ਚੁੱਕੇ ਜਾ ਸਕਣ। ਵਰਕਸ਼ਾਪ ਵਿੱਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਈਕੋ ਕਲੱਬ ਇੰਚਾਰਜ ਸ਼ਾਮਲ ਹੋਏ। ਉਨ੍ਹਾਂ ਨੂੰ ਆਪਣੇ ਕੈਂਪਸ ਪ੍ਰਬੰਧਨ ਯੋਜਨਾਵਾਂ ਵਿੱਚ ਦਰੱਖਤ ਸਿਹਤ ਆਡਿਟ ਨੂੰ ਸ਼ਾਮਲ ਕਰਨ ਅਤੇ ਅੰਦਰੂਨੀ ਨਿਗਰਾਨੀ ਪ੍ਰਣਾਲੀ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਤਕਨੀਕੀ ਸੈਸ਼ਨ ਪ੍ਰੋਫੈਸਰ ਸਤੀਸ਼ ਨਰੂਲਾ, ਸਾਬਕਾ ਪ੍ਰੋਫੈਸਰ (ਹੋਰਟੀਕਲਚਰ) ਵੱਲੋਂ ਕਰਵਾਏ ਗਏ, ਜਿਨ੍ਹਾਂ ਨੇ ਸ਼ਹਿਰੀ ਦਰੱਖਤਾਂ ’ਤੇ ਪ੍ਰਭਾਵ ਪਾਉਣ ਵਾਲੇ ਜੈਵਿਕ ਅਤੇ ਅਜੈਵਿਕ ਤਣਾਅ ਕਾਰਕਾਂ ਦੇ ਨਿਦਾਨਾਤਮਕ ਸੰਕੇਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੇਜਰ ਜਨਰਲ ਬੇਵਲੀ (ਸੇਵਾਮੁਕਤ) ਨੇ ਵੀ ਸੰਬੋਧਨ ਕੀਤਾ ਅਤੇ ਜੋਖਮ ਘਟਾਉਣ ਲਈ ਤਿਆਰੀ, ਨਿਰੀਖਣ ਸ਼ਡਿਊਲ ਅਤੇ ਐਮਰਜੈਂਸੀ ਪ੍ਰਤੀਕਿਰਿਆ ਢਾਂਚਿਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਵਰਕਸ਼ਾਪ ਦੀ ਅਗਵਾਈ ਅਨੁਪ ਕੁਮਾਰ ਸੋਨੀ, ਕਨਜ਼ਰਵੇਟਰ ਆਫ ਫਾਰੈਸਟਸ ਵੱਲੋਂ ਕੀਤੀ ਗਈ। ਇੰਜੀਨੀਅਰਿੰਗ ਵਿਭਾਗ ਦੇ ਹੋਰਟੀਕਲਚਰ ਵਿੰਗ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹੋਏ।