6 ਸਾਲਾ ਬੱਚੀ ਨਾਲ ਜਬਰ ਜਨਾਹ ਦਾ ਮੁਲਜ਼ਮ ਗ੍ਰਿਫ਼ਤਾਰ
6 ਸਾਲਾ ਬੱਚੀ ਨਾਲ ਜ਼ਬਰਜਨਾਹ ਦਾ ਮੁਲਜ਼ਮ ਗ੍ਰਿਫ਼ਤਾਰ
Publish Date: Sat, 28 Feb 2026 07:30 PM (IST)
Updated Date: Sat, 28 Feb 2026 07:31 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਮਲੋਆ ਥਾਣਾ ਪੁਲਿਸ ਨੇ ਛੇ ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ ਅਤੇ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਫਰਾਰ ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਈਡਬਲਯੂਐੱਸ ਕਾਲੋਨੀ, ਮਲੋਆ ਦੇ ਨਿਵਾਸੀ ਅਰੁਣ (54) ਵਜੋਂ ਹੋਈ ਹੈ। 22 ਫਰਵਰੀ ਨੂੰ ਉਸ ਦੇ ਖ਼ਿਲਾਫ਼ ਪਾਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ 22 ਫਰਵਰੀ ਸ਼ਾਮ ਕਰੀਬ 5:30 ਵਜੇ ਮਲੋਆ ਦੀ ਈਡਬਲਯੂਐੱਸ ਕਾਲੋਨੀ ਵਿਚ ਜਬਰ ਜਨਾਹ-ਛੇੜਛਾੜ ਦੀ ਸੂਚਨਾ ਮਿਲੀ। ਪੁਲਿਸ ਮੌਕੇ ’ਤੇ ਪਹੁੰਚੀ ਤਾਂ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਆਪਣੀ ਛੇ ਸਾਲਾਂ ਦੀ ਧੀ ਨੂੰ ਲੱਭ ਰਹੀ ਸੀ। ਇਸ ਦੌਰਾਨ ਬੱਚੀ ਇਕ ਘਰ ਤੋਂ ਬਾਹਰ ਆਈ ਅਤੇ ਘਬਰਾਈ ਹੋਈ ਮਾਂ ਨਾਲ ਲਿਪਟ ਗਈ। ਬੱਚੀ ਨੇ ਦੱਸਿਆ ਕਿ ਗੁਆਂਢ ਵਿਚ ਰਹਿਣ ਵਾਲਾ ਅਰੁਣ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਗਲਤ ਹਰਕਤ ਕਰਕੇ ਨਿੱਜੀ ਅੰਗਾਂ ਨਾਲ ਛੇੜਛਾੜ ਕੀਤੀ। ਮਾਂ ਅਨੁਸਾਰ ਬੱਚੀ ਦੇ ਨਿੱਜੀ ਅੰਗ ਤੋਂ ਖ਼ੂਨ ਨਿਕਲ ਰਿਹਾ ਸੀ, ਜਿਸ ਨੂੰ ਕੱਪੜੇ ਨਾਲ ਸਾਫ਼ ਕੀਤਾ ਗਿਆ। ਸ਼ਿਕਾਇਤ ਦੇ ਆਧਾਰ ’ਤੇ ਤੁਰੰਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਭਰੋਸੇਯੋਗ ਜਾਣਕਾਰੀ ਮਿਲੀ ਕਿ ਮੁਲਜ਼ਮ ਗਾਜ਼ੀਪੁਰ ਭੱਜ ਗਿਆ ਹੈ। ਇਸ ਤੋਂ ਬਾਅਦ ਐੱਸਐੱਚਓ ਮਲੋਆ ਇੰਸਪੈਕਟਰ ਜਸਬੀਰ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਗਾਜ਼ੀਪੁਰ ਭੇਜੀ ਗਈ। ਤਕਨੀਕੀ ਸਰਵੇਲਾਂਸ ਅਤੇ ਲੋਕੇਸ਼ਨ ਟ੍ਰੇਸਿੰਗ ਨਾਲ 27 ਫਰਵਰੀ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਪੇਸ਼ੇ ਤੋਂ ਮਜ਼ਦੂਰ ਹੈ ਅਤੇ ਕਬਾੜ ਦੀ ਦੁਕਾਨ ’ਤੇ ਕੰਮ ਕਰਦਾ ਸੀ। ਪੁਲਿਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।