ਪਾਰਟੀ ਮੀਟਿੰਗ ਦਾ ਹਵਾਲਾ ਦੇ ਕੇ ਫਿਰ ਅਦਾਲਤ ’ਚ ਪੇਸ਼ ਨਹੀਂ ਹੋਏ ਸੁਖਬੀਰ ਬਾਦਲ
ਮਾਣਹਾਨੀ ਮਾਮਲਾ ੋੇੱਿ ੋੇਿ ੇੋੱਿ ੋ
Publish Date: Fri, 27 Feb 2026 07:40 PM (IST)
Updated Date: Sat, 28 Feb 2026 04:07 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਨੌਂ ਸਾਲ ਪੁਰਾਣੇ ਮਾਣਹਾਨੀ ਮਾਮਲੇ ’ਚ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਪੇਸ਼ੀ ਸੀ। ਹਾਲਾਂਕਿ ਉਨ੍ਹਾਂ ਅਦਾਲਤ ’ਚ ਅਰਜ਼ੀ ਦਾਇਰ ਕਰ ਕੇ ਪੇਸ਼ੀ ਤੋਂ ਛੋਟ ਲੈ ਲਈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 23 ਮਾਰਚ ਨੂੰ ਹੋਵੇਗੀ। ਇਕ ਮਹੀਨੇ ’ਚ ਇਹ ਤੀਜੀ ਵਾਰ ਹੈ ਜਦੋਂ ਉਹ ਪਾਰਟੀ ਦੀ ਮੀਟਿੰਗ ਦਾ ਹਵਾਲਾ ਦੇ ਕੇ ਗ਼ੈਰ-ਹਾਜ਼ਰ ਰਹੇ ਹਨ। ਹਾਲਾਂਕਿ ਅਦਾਲਤ ਨੇ ਇਸ ਵਾਰ ਵੀ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਕਰ ਲਈ, ਪਰ ਅਗਲੀ ਤਰੀਕ ’ਤੇ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਹਨ। ਕਰੀਬ ਤਿੰਨ ਮਹੀਨੇ ਪਹਿਲਾਂ ਅਦਾਲਤ ’ਚ ਗ਼ੈਰ-ਹਾਜ਼ਰ ਰਹਿਣ ਕਾਰਨ ਉਨ੍ਹਾਂ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ 17 ਜਨਵਰੀ ਨੂੰ ਅਦਾਲਤ ’ਚ ਸਰੰਡਰ ਕਰ ਕੇ ਜ਼ਮਾਨਤ ਹਾਸਲ ਕੀਤੀ ਸੀ। ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਬਾਦਲ ਨੂੰ ਪਾਰਟੀ ਦੀ ਜ਼ਰੂਰੀ ਮੀਟਿੰਗ ਲਈ ਦਿੱਲੀ ਜਾਣਾ ਪੈ ਰਿਹਾ ਹੈ, ਇਸ ਲਈ ਉਹ ਅਦਾਲਤ ’ਚ ਪੇਸ਼ ਨਹੀਂ ਹੋ ਸਕਦੇ। ਸਾਲ 2017 ’ਚ ਬਾਦਲ ਖ਼ਿਲਾਫ਼ ਧਾਰਮਿਕ ਜਥੇਬੰਦੀ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਰਾਜਿੰਦਰ ਪਾਲ ਸਿੰਘ ਵੱਲੋਂ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ’ਤੇ ਜਥੇ ਖ਼ਿਲਾਫ਼ ਮੀਡੀਆ ’ਚ ਵਿਵਾਦਿਤ ਬਿਆਨ ਦੇਣ ਦੇ ਦੋਸ਼ ਹਨ।