ਆਨਲਾਈਨ ਵਿਆਹ ਵਾਲੀ ਸਾਈਟ ’ਤੇ ਮੁਟਿਆਰ ਨਾਲ ਮੁਲਾਕਾਤ, ਝਾਂਸੇ ਵਿੱਚ ਆ ਕੇ ਗਵਾਏ 46 ਲੱਖ
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਤੇ ਆਈਟੀ ਐਕਟ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਈਬਰ ਸੈੱਲ ਦੀ ਟੀਮ ਬੈਂਕ ਖਾਤਿਆਂ ਅਤੇ ਮੋਬਾਈਲ ਨੰਬਰਾਂ ਦੀ ਜਾਂਚ ਕਰ ਰਹੀ ਹੈ।
Publish Date: Fri, 27 Feb 2026 07:50 PM (IST)
Updated Date: Sat, 28 Feb 2026 01:09 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਆਨਲਾਈਨ ਵਿਆਹ ਵਾਲੀ ਸਾਈਟ ’ਤੇ ਦੋਸਤੀ ਕਰ ਕੇ ਇਕ ਮੁਟਿਆਰ ਨੇ ਯੂਰਪ ਵਿਚ ਨੌਕਰੀ ਕਰਨ ਵਾਲੇ ਇਕ ਨੌਜਵਾਨ ਨਾਲ ਕਰੀਬ 46 ਲੱਖ ਰੁਪਏ ਦੀ ਠੱਗੀ ਕਰ ਲਈ। l ਨੌਜਵਾਨ ਆਪਣੇ ਪਿਤਾ ਦੀ ਬਿਮਾਰੀ ਕਾਰਨ ਉਨ੍ਹਾਂ ਦੀ ਦੇਖਭਾਲ ਲਈ ਚੰਡੀਗੜ੍ਹ ਆਇਆ ਹੋਇਆ ਸੀ। ਸਾਈਬਰ ਸੈੱਲ ਥਾਣਾ ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਅਣਪਛਾਤੀ ਔਰਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਸੈਕਟਰ-32 ਸੀ ਦੇ ਰਹਿਣ ਵਾਲੇ ਸਾਹਿਬ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਇੱਕ ਆਨਲਾਈਨ ਵਿਆਹ ਵਾਲੀ ਸਾਈਟ ’ਤੇ ਆਪਣੀ ਪ੍ਰੋਫਾਈਲ ਬਣਾਈ ਸੀ। ਇਸ ਦੌਰਾਨ ਉਨ੍ਹਾਂ ਦੀ ਪਛਾਣ ਸ਼ਰੁਤੀ ਸਿੰਘ ਨਾਮ ਦੀ ਔਰਤ ਨਾਲ ਹੋਈ। ਔਰਤ ਨੇ ਆਪਣੇ ਆਪ ਨੂੰ ਮੁੰਬਈ ਦੀ ਇੱਕ ਨਿੱਜੀ ਕੰਪਨੀ ਵਿਚ ਸਾਫਟਵੇਅਰ ਪ੍ਰੋਫੈਸ਼ਨਲ ਦੱਸਿਆ ਅਤੇ ਵਿਆਹ ਦੀ ਪੇਸ਼ਕਸ਼ ਕੀਤੀ। ਕੁਝ ਸਮੇਂ ਤੱਕ ਗੱਲਬਾਤ ਕਰਨ ਤੋਂ ਬਾਅਦ ਔਰਤ ਨੇ ਇਟਲੀ ਵਿਚ ਨਿਵੇਸ਼ ਕਰਨ ਦਾ ਝਾਂਸਾ ਦੇ ਕੇ ਵੱਡੇ ਮੁਨਾਫ਼ੇ ਦਾ ਭਰੋਸਾ ਦਿਵਾਇਆ। ਭਰੋਸਾ ਜਮਾਉਣ ਲਈ ਉਸ ਨੇ ਇਕ ਵੈੱਬਸਾਈਟ ’ਤੇ ਰਜਿਸਟ੍ਰੇਸ਼ਨ ਕਰਵਾਇਆ ਅਤੇ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ।
ਪੀੜਤ ਨੇ ਦੱਸੇ ਗਏ ਬੈਂਕ ਖਾਤਿਆਂ ਵਿਚ ਕੁੱਲ ਕਰੀਬ 46 ਲੱਖ ਰੁਪਏ ਆਰਟੀਜੀਐਸ ਰਾਹੀਂ ਟ੍ਰਾਂਸਫਰ ਕਰ ਦਿੱਤੇ। ਜਦੋਂ ਪੀੜਤ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਔਰਤ ਨੇ ਹੋਰ ਪੈਸੇ ਜਮ੍ਹਾਂ ਕਰਨ ਦੀ ਮੰਗ ਕੀਤੀ। ਸ਼ੱਕ ਹੋਣ ’ਤੇ ਪੀੜਤ ਨੇ ਭੁਗਤਾਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਔਰਤ ਵੱਲੋਂ ਫੋਨ ਅਤੇ ਸੁਨੇਹਿਆਂ ਰਾਹੀਂ ਲਗਾਤਾਰ ਦਬਾਅ ਬਣਾਇਆ ਜਾਂਦਾ ਰਿਹਾ। ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ’ਤੇ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਤੇ ਆਈਟੀ ਐਕਟ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਈਬਰ ਸੈੱਲ ਦੀ ਟੀਮ ਬੈਂਕ ਖਾਤਿਆਂ ਅਤੇ ਮੋਬਾਈਲ ਨੰਬਰਾਂ ਦੀ ਜਾਂਚ ਕਰ ਰਹੀ ਹੈ।