ਕੌਂਸਲਰ ਸਮੇਤ ਕਈ ਕਾਂਗਰਸ ’ਚ ਹੋਏ ਸ਼ਾਮਲ
ਨਿਗਮ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਮਰੀ ਤੇਜ਼, ‘ਆਪ’ ਦੇ ਸਾਬਕਾ ਇੰਚਾਰਜ ਦੀ ਪਤਨੀ ਅਤੇ ਕੌਂਸਲਰ ਸਮੇਤ ਕਈ ਕਾਂਗਰਸ ਵਿੱਚ ਸ਼ਾਮਲ
Publish Date: Mon, 23 Feb 2026 07:32 PM (IST)
Updated Date: Mon, 23 Feb 2026 07:34 PM (IST)

- ਨਿਗਮ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਹੋਈਆਂ ਤੇਜ਼ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ 2026 ਦੇ ਅਖੀਰ ਵਿੱਚ ਹੋਣਗੀਆਂ ਅਤੇ ਉਸ ਤੋਂ ਪਹਿਲਾਂ ਸ਼ਹਿਰ ਦੀ ਰਾਜਨੀਤੀ ਵਿੱਚ ਹਲਚਲ ਤੇਜ਼ ਹੋ ਗਈ ਹੈ। ਪ੍ਰਮੁੱਖ ਰਾਜਨੀਤਿਕ ਦਲ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ। ਇਸੇ ਕੜੀ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕ-ਦੂਜੇ ਦੇ ਆਗੂਆਂ ਅਤੇ ਕਾਰਕੁੰਨਾਂ ਨੂੰ ਆਪਣੇ ਨਾਲ ਜੋੜ ਕੇ ਸਿਆਸੀ ਚੜ੍ਹਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੋਮਵਾਰ ਨੂੰ ‘ਆਪ’ ਦੇ ਸਾਬਕਾ ਇੰਚਾਰਜ ਰਹੇ ਸਵਰਗੀ ਪ੍ਰਦੀਪ ਛਾਬੜਾ ਦੀ ਪਤਨੀ ਰਿਤੂ ਛਾਬੜਾ ਨੇ ਆਪਣੇ ਸਮਰਥਕਾਂ ਸਮੇਤ ਕਾਂਗਰਸ ਦੀ ਮੈਂਬਰਸ਼ਿਪ ਗ੍ਰਹਿਣ ਕਰ ਲਈ। ਉਨ੍ਹਾਂ ਦੇ ਨਾਲ ਹਰਜਿੰਦਰ ਸਿੰਘ ਬਾਵਾ, ਕੁਲਦੀਪ ਸਿੰਘ ਕੁੱਕੀ ਅਤੇ ਯੈਂਕੀ ਕਾਲੀਆ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ‘ਆਪ’ ਤੋਂ ਵੱਖ ਚੱਲ ਰਹੀ ਕੌਂਸਲਰ ਪ੍ਰੇਮਲਤਾ ਨੇ ਵੀ ਕਾਂਗਰਸ ਦਾ ਪੱਲਾ ਫੜ ਲਿਆ। ਇਨ੍ਹਾਂ ਆਗੂਆਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨੂੰ ‘ਆਪ’ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਪ੍ਰੇਮਲਤਾ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਉਪਰੰਤ ਕਿਹਾ ਕਿ ਇਹ ਉਨ੍ਹਾਂ ਦੀ ਘਰ ਵਾਪਸੀ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਕਾਂਗਰਸ ਨਾਲ ਜੁੜੀ ਰਹੀ ਹੈ ਅਤੇ ਹੁਣ ਦੁਬਾਰਾ ਆਪਣੇ ਪੁਰਾਣੇ ਪਰਿਵਾਰ ਵਿੱਚ ਪਰਤ ਆਈ ਹੈ। ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਘਟਨਾਕ੍ਰਮ ਆਉਣ ਵਾਲੇ ਸਮੇਂ ਵਿੱਚ ਸਮੀਕਰਨ ਬਦਲ ਸਕਦੇ ਹਨ। ਗੌਰਤਲਬ ਹੈ ਕਿ ਮੇਅਰ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ‘ਆਪ’ ਦਾ ਗਠਜੋੜ ਟੁੱਟ ਗਿਆ ਸੀ। ‘ਆਪ’ ਦੇ ਇੰਚਾਰਜ ਜਰਨੈਲ ਸਿੰਘ ਦੀ ਟਿੱਪਣੀ ਨੂੰ ਕਾਂਗਰਸ ਨੇ ਗਠਜੋੜ ਟੁੱਟਣ ਦਾ ਮੁੱਖ ਕਾਰਨ ਦੱਸਿਆ ਸੀ। ਇਸ ਤੋਂ ਪਹਿਲਾਂ ਕਾਂਗਰਸ ਨੇ ਮੀਟਿੰਗ ਕਰਕੇ ‘ਆਪ’ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦੀ ਐਲਾਨ ਕੀਤਾ ਸੀ, ਪਰ ਗਠਜੋੜ ਟੁੱਟਣ ਤੋਂ ਬਾਅਦ ਦੋਵਾਂ ਪਾਰਟੀਆਂ ਵਿੱਚ ਤਣਾਅ ਲਗਾਤਾਰ ਵੱਧਦਾ ਗਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨੂੰ ਝਟਕਾ ਦੇਣ ਦਾ ਦਾਅਵਾ ਕੀਤਾ ਹੈ। ‘ਆਪ’ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ. ਸਨੀ ਸਿੰਘ ਆਹਲੂਵਾਲੀਆ ਅਤੇ ਪ੍ਰਦੇਸ਼ ਪ੍ਰਧਾਨ ਵਿਜੇਪਾਲ ਸਿੰਘ ਯਾਦਵ ਦੀ ਮੌਜੂਦਗੀ ਵਿੱਚ ਯੂਥ ਕਾਂਗਰਸ ਡਿਸਟ੍ਰਿਕਟ-4 ਦੇ ਵਾਈਸ ਪ੍ਰੈਜ਼ੀਡੈਂਟ ਮਨੀਸ਼ ਵਰਮਾ, ਵਾਰਡ ਜਨਰਲ ਸਕੱਤਰ ਰਾਹੁਲ ਸ਼ਰਮਾ, ਵਾਰਡ ਸਕੱਤਰ ਅਨੀਸ਼ ਖਾਨ ਸਮੇਤ ਸੈਂਕੜੇ ਨੌਜਵਾਨਾਂ ਨੇ ਵਾਰਡ ਨੰਬਰ 9, 29 ਅਤੇ 3 ਤੋਂ ਕਾਂਗਰਸ ਛੱਡ ਕੇ ‘ਆਪ’ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਇਸ ਮੌਕੇ ਡਾ. ਆਹਲੂਵਾਲੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਕੰਮ ਦੀ ਰਾਜਨੀਤੀ ਨੌਜਵਾਨਾਂ ਵਿੱਚ ਨਵੀਂ ਉਮੀਦ ਜਗਾ ਰਹੀ ਹੈ ਅਤੇ ਸ਼ਹਿਰ ਵਿੱਚ ‘ਆਪ’ ਪ੍ਰਤੀ ਆਕਰਸ਼ਣ ਵੱਧ ਰਿਹਾ ਹੈ। ਉਨ੍ਹਾਂ ਨੇ ਕਾਰਕੁੰਨਾਂ ਨੂੰ ਨਿਗਮ ਵਿੱਚ ‘ਆਪ’ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਪ੍ਰਧਾਨ ਵਿਜੇਪਾਲ ਸਿੰਘ ਯਾਦਵ ਨੇ ਨੌਜਵਾਨਾਂ ਦਾ ਸਵਾਗਤ ਕਰਦਿਆਂ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤਕ ਪਹੁੰਚਾਉਣ ਦੀ ਗੱਲ ਕਹੀ। ਪ੍ਰਦੇਸ਼ ਜਨਰਲ ਸਕੱਤਰ ਸਨੀ ਔਲਖ ਨੇ ਨਿਗਮ ਵਿੱਚ ਭਾਜਪਾ ਸ਼ਾਸਨ ਦੌਰਾਨ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਬਿੱਲਾਂ ਵਿੱਚ ਵਾਧੇ ਅਤੇ ਗੰਦੇ ਪਾਣੀ ਦੀ ਸਪਲਾਈ ਵਰਗੇ ਮਸਲਿਆਂ ਨੂੰ ਉਠਾਉਂਦਿਆਂ ਆਲੋਚਨਾ ਕੀਤੀ। ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਪੀਪੀ ਘਈ, ਸੁਦੇਸ਼ ਖੁਰਚਾ, ਸੁਨੀਲ ਸਿੰਘ, ਗੋਪਾਲ ਅੱਤਰੀ, ਟੀਸੀ ਗੋਯਲ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵੱਧ ਰਹੀ ਸਿਆਸੀ ਸਰਗਰਮੀ ਨੇ ਸਾਫ ਕਰ ਦਿੱਤਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਸਿਆਸੀ ਉਥਲ-ਪੁਥਲ ਹੋਰ ਤੇਜ਼ ਹੋਵੇਗੀ।