ਦੇਵ ਸਮਾਜ ਕਾਲਜ ਦੀ ਐੱਨਐੱਸਐੱਸ ਯੂਨਿਟ ਨੇ ਲਾਇਆ ਕੈਂਪ
ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਦੀ ਐੱਨ.ਐੱਸ.ਐੱਸ. ਯੂਨਿਟ ਨੇ ਕੈਂਪ ਲਗਾਇਆ
Publish Date: Mon, 16 Feb 2026 08:15 PM (IST)
Updated Date: Mon, 16 Feb 2026 08:18 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਦੀ ਐੱਨਐੱਸਐੱਸ ਯੂਨਿਟ ਨੇ ਆਪਣੇ ਸੱਤ ਦਿਨਾਂ ਐੱਨਐੱਸਐੱਸ ਕੈਂਪ ਦੌਰਾਨ ਸੈਕਟਰ 41 ਦੇ ਪਿੰਡ ਬੁਟੇਰਲਾ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਮੁਫ਼ਤ ਆਯੁਰਵੈਦਿਕ ਜਾਂਚ ਕੈਂਪ ਲਾਇਆ। ਕੈਂਪ ਦਾ ਉਦਘਾਟਨ ਏਰੀਆ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਕੀਤਾ ਗਿਆ। ਹਰਦੀਪ ਸਿੰਘ ਬੁਟੇਰਲਾ ਨੇ ਦੇਵ ਸਮਾਜ ਕਾਲਜ ਦੇ ਸਟਾਫ਼, ਐੱਨਐੱਸਐੱਸ ਵਾਲੰਟੀਅਰਾਂ ਅਤੇ ਧਨਵੰਤਰੀ ਆਯੁਰਵੈਦਿਕ ਕਾਲਜ ਦੇ ਡਾਕਟਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕੈਂਪ ਲੋਕਾਂ ਦੀ ਸਿਹਤ ਲਈ ਵਰਦਾਨ ਸਿੱਧ ਹੁੰਦੇ ਹਨ ਅਤੇ ਲੋਕਾਂ ਨੂੰ ਆਲ਼ੇ-ਦੁਆਲ਼ੇ ਸਫ਼ਾਈ ਰੱਖਣ ਲਈ ਵੀ ਪ੍ਰੇਰਿਤ ਕਰਦੇ ਹਨ। ਇਸ ਤੋਂ ਪਹਿਲਾਂ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਕਰੁਣਾ ਸਿੰਘ ਅਤੇ ਡਾ. ਸ਼ਿਖਾ ਬਾਹਰੀ ਵੱਲੋਂ ਕੌਂਸਲਰ ਬੁਟੇਰਲਾ ਦਾ ਕੈਂਪ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਕੈਂਪ ਵਿੱਚ ਸ਼੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਦੇ ਡਾਕਟਰਾਂ ਨੇ ਮੁਫ਼ਤ ਸਿਹਤ ਜਾਂਚ ਕੀਤੀ ਅਤੇ ਪਿੰਡ ਵਾਸੀਆਂ ਨੂੰ ਆਯੁਰਵੈਦਿਕ ਦਵਾਈਆਂ ਵੰਡੀਆਂ। ਇਸ ਸੱਤ ਦਿਨਾਂ ਕੈਂਪ ਦੌਰਾਨ ਐੱਨਐੱਸਐੱਸ ਵਲੰਟੀਅਰਾਂ ਨੇ ਸਿਹਤ ਅਤੇ ਮੂੰਹ ਦੀ ਸਫ਼ਾਈ ਸੈਸ਼ਨ, ਅੱਖਾਂ ਦੀ ਜਾਂਚ ਕੈਂਪ, ਡਰੱਗ ਜਾਗਰੂਕਤਾ ਮੁਹਿੰਮਾਂ, ਮਹੀਨਾਵਾਰ ਸਫ਼ਾਈ ਜਾਗਰੂਕਤਾ, ਸਫਾਈ ਮੁਹਿੰਮਾਂ, ਬੂਟੇ ਲਗਾਉਣ ਦੀਆਂ ਮੁਹਿੰਮਾਂ ਅਤੇ ਪਿੰਡ ਦੇ ਬੱਚਿਆਂ ਲਈ ਵਿੱਦਿਅਕ ਸਰਗਰਮੀਆਂ ਸਮੇਤ ਵੱਖ-ਵੱਖ ਜਾਗਰੂਕਤਾ ਅਤੇ ਭਾਈਚਾਰਕ ਸੇਵਾ ਸਰਗਰਮੀਆਂ ਕਰਵਾਈਆਂ ਗਈਆਂ।