54ਵੇਂ ਰੋਜ਼ ਫੈਸਟੀਵਲ ਲਈ ਸੱਭਿਆਚਾਰਕ ਪ੍ਰਤਿਭਾਵਾਂ ਦੀ ਚੋਣ, ਮਹਿਲਾ ਭਵਨ ਵਿੱਚ ਆਡੀਸ਼ਨ ਹੋਏ
54ਵੇਂ ਰੋਜ਼ ਫੈਸਟਿਵਲ ਲਈ ਸੱਭਿਆਚਾਰਕ ਪ੍ਰਤਿਭਾਵਾਂ ਦੀ ਚੋਣ, ਮਹਿਲਾ ਭਵਨ ਵਿੱਚ ਆਡੀਸ਼ਨ ਹੋਏ
Publish Date: Mon, 16 Feb 2026 07:56 PM (IST)
Updated Date: Mon, 16 Feb 2026 08:00 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਨਗਰ ਨਿਗਮ ਵੱਲੋਂ ਆਉਣ ਵਾਲੇ 54ਵੇਂ ਰੋਜ਼ ਫੈਸਟੀਵਲ ਤਹਿਤ ਕਰਵਾਏ ਜਾਣ ਵਾਲੇ ਸੱਭਿਆਚਾਰਕ ਮੁਕਾਬਲਿਆਂ ਲਈ ਆਡੀਸ਼ਨ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਕਰ ਲਈ ਗਈ ਹੈ। ਸੈਕਟਰ-38 ਸਥਿਤ ਮਹਿਲਾ ਭਵਨ ਵਿੱਚ ਕਰਵਾਏ ਗਏ ਡਾਂਸ ਅਤੇ ਸਿੰਗਿੰਗ ਮੁਕਾਬਲਿਆਂ ਦੇ ਆਡੀਸ਼ਨ ਵਿੱਚ ਸ਼ਹਿਰ ਭਰ ਤੋਂ ਵੱਡੀ ਗਿਣਤੀ ਵਿੱਚ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਵੇਰੇ ਤੋਂ ਹੀ ਮਹਿਲਾ ਭਵਨ ਵਿੱਚ ਭਾਗੀਦਾਰਾਂ ਅਤੇ ਉਨ੍ਹਾਂ ਦੇਮਾਪਿਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਵੱਖ-ਵੱਖ ਉਮਰ ਵਰਗਾਂ ਦੇ ਕਲਾਕਾਰਾਂ-ਬੱਚਿਆਂ, ਨੌਜਵਾਨਾਂ ਅਤੇ ਸੀਨੀਅਰ ਭਾਗੀਦਾਰਾਂ ਨੇ ਆਪਣੀ-ਆਪਣੀ ਕਲਾ ਰਾਹੀਂ ਚੋਣ ਕਮੇਟੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਆਡੀਸ਼ਨ ਲਈ ਨਗਰ ਨਿਗਮ ਵੱਲੋਂ ਇੱਕ ਸਕ੍ਰੀਨਿੰਗ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਸੰਗੀਤ ਅਤੇ ਨ੍ਰਿਤ ਖੇਤਰ ਨਾਲ ਸੰਬੰਧਿਤ ਤਜਰਬੇਕਾਰ ਵਿਦਵਾਨ ਸ਼ਾਮਲ ਸਨ। ਭਾਗੀਦਾਰਾਂ ਦਾ ਮੁਲਾਂਕਣ ਉਨ੍ਹਾਂ ਦੀ ਆਵਾਜ਼ ਦੀ ਗੁਣਵੱਤਾ, ਸੁਰ-ਤਾਲ, ਮੰਚ ਸੰਭਾਲਣ ਦੀ ਯੋਗਤਾ, ਰਚਨਾਤਮਕਤਾ, ਆਤਮਵਿਸ਼ਵਾਸ ਅਤੇ ਕੁੱਲ ਪ੍ਰਸਤੁਤੀ ਦੇ ਆਧਾਰ ’ਤੇ ਕੀਤਾ। ਡਾਂਸ ਸ਼੍ਰੇਣੀ ਵਿੱਚ ਸ਼ਾਸਤਰੀ, ਲੋਕ ਅਤੇ ਆਧੁਨਿਕ ਨ੍ਰਿਤ ਸ਼ੈਲੀਆਂ ਦੀਆਂ ਰੰਗ-ਬਿਰੰਗੀਆਂ ਝਲਕਾਂ ਵੇਖਣ ਨੂੰ ਮਿਲੀਆਂ, ਜਦਕਿ ਸਿੰਗਿੰਗ ਮੁਕਾਬਲੇ ਵਿੱਚ ਭਾਗੀਦਾਰਾਂ ਨੇ ਦੇਸ਼ਭਕਤੀ, ਫ਼ਿਲਮੀ, ਸ਼ਾਸਤਰੀ ਅਤੇ ਸੂਫ਼ੀ ਗੀਤ ਪੇਸ਼ ਕੀਤੇ। ਕਈ ਪ੍ਰਤਿਭਾਵਾਂ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਅਤੇ ਜੱਜਾਂ ਤੋਂ ਖਾਸ ਪ੍ਰਸ਼ੰਸਾ ਹਾਸਲ ਕੀਤੀ।
ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਰੋਜ਼ ਫੈਸਟੀਵਲ ਸਿਰਫ਼ ਫੁੱਲਾਂ ਦੀ ਪ੍ਰਦਰਸ਼ਨੀ ਤਕ ਸੀਮਿਤ ਨਹੀਂ, ਸਗੋਂ ਇਹ ਸ਼ਹਿਰ ਦੀ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਨ ਦਾ ਇੱਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਦੱਸਿਆ ਕਿ ਇਹ ਮੰਚ ਸਥਾਨਕ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਅੱਗੇ ਵਧਣ ਦਾ ਸੁਨਹਿਰਾ ਮੌਕਾ ਪ੍ਰਦਾਨ ਕਰਦਾ ਹੈ। ਆਡੀਸ਼ਨ ਵਿੱਚ ਚੁਣੇ ਗਏ ਭਾਗੀਦਾਰਾਂ ਨੂੰ ਸੈਕਟਰ-16 ਸਥਿਤ ਰੋਜ਼ ਗਾਰਡਨ ਵਿੱਚ ਕਰਵਾਏ 54ਵੇਂ ਰੋਜ਼ ਫੈਸਟੀਵਲ ਦੇ ਮੁੱਖ ਮੰਚ ’ਤੇ ਪੇਸ਼ਕਾਰੀ ਦੇਣ ਦਾ ਮੌਕਾ ਮਿਲੇਗਾ। ਨਗਰ ਨਿਗਮ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਫੈਸਟੀਵਲ ਦੀ ਸਫਲਤਾ ਲਈ ਸਾਰੀਆਂ ਲੁੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੱਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਵੱਖ-ਵੱਖ ਮੁਕਾਬਲੇ, ਪ੍ਰਦਰਸ਼ਨੀਆਂ ਅਤੇ ਹੋਰ ਸਰਗਰਮੀਆਂ ਵੀ ਕਰਵਾਈਆਂ ਜਾਣਗੀਆਂ।