ਪੀਸੀਏ ਦੇ ਸੀਈਓ ਨੂੰ ਦੋਹਰੀ ਨੌਕਰੀ ਮਾਮਲੇ ’ਚ ਅਸਤੀਫਾ ਦੇਣ ਦੇ ਨਿਰਦੇਸ਼
ਪੀਸੀਏ ਦੇ ਸੀਈਓ ਦੀਪਕ ਸ਼ਰਮਾ ਨੂੰ ਦੋਹਰੀ ਨੌਕਰੀ ਮਾਮਲੇ ਵਿੱਚ ਅਸਤੀਫਾ ਦੇਣ ਦੇ ਨਿਰਦੇਸ਼
Publish Date: Mon, 16 Feb 2026 07:49 PM (IST)
Updated Date: Mon, 16 Feb 2026 07:51 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀਪਕ ਸ਼ਰਮਾ ਨੂੰ ਐਥਿਕਸ ਆਫ਼ਿਸਰ-ਕਮ-ਓਮਬਡਸਮੈਨ ਜਸਟਿਸ ਜਸਪਾਲ ਸਿੰਘ (ਸੇਵਾਮੁਕਤ) ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਹੁਕਮ 13 ਫਰਵਰੀ 2026 ਨੂੰ ਪਾਸ ਕੀਤਾ ਗਿਆ। ਇਹ ਮਾਮਲਾ ਪੀਸੀਏ ਦੇ ਆਜੀਵਨ ਮੈਂਬਰ ਰਾਕੇਸ਼ ਹਾਂਡਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਸੁਣਵਾਈ ਤੋਂ ਬਾਅਦ ਸਾਹਮਣੇ ਆਇਆ। ਸ਼ਿਕਾਇਤ ਵਿੱਚ ਵਿੱਤੀ ਬੇਨਿਯਮੀਆਂ, ਹਿੱਤਾਂ ਦੇ ਟਕਰਾਅ, ਨਿਯੁਕਤੀਆਂ ਵਿੱਚ ਗੜਬੜ, ਖਿਡਾਰੀਆਂ ਦੀ ਚੋਣ ਵਿੱਚ ਦਖਲਅੰਦਾਜ਼ੀ ਅਤੇ ਪੀਸੀਏ ਦੀ ਜਾਇਦਾਦ ਦੀ ਦੁਰਵਰਤੋਂ ਵਰਗੇ ਦੋਸ਼ ਲਾਏ ਗਏ ਸਨ। ਸੁਣਵਾਈ ਦੌਰਾਨ ਦੋਵੇਂ ਪੱਖਾਂ ਦੀਆਂ ਦਲੀਲਾਂ ਅਤੇ ਦਸਤਾਵੇਜ਼ੀ ਸਬੂਤ ਵੇਖਣ ਤੋਂ ਬਾਅਦ ਓਮਬਡਸਮੈਨ ਨੇ ਜ਼ਿਆਦਾਤਰ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਖਿਡਾਰੀ ਚੋਣ ਵਿੱਚ ਦਖਲਅੰਦਾਜ਼ੀ, ਨਿਯੁਕਤੀਆਂ ਵਿੱਚ ਬੇਨਿਯਮਤਾ ਅਤੇ ਪੀਸੀਏ ਦੀ ਇਨੋਵਾ ਕਾਰ ਦੇ ਦੁਰਵਰਤੋਂ ਸਬੰਧੀ ਦੋਸ਼ ਸਾਬਤ ਨਹੀਂ ਹੋਏ। ਹਾਲਾਂਕਿ, ਦੋਹਰੀ ਨਿਯੁਕਤੀ (ਡਿਊਅਲ ਅਪਾਇੰਟਮੈਂਟ) ਦੇ ਮਾਮਲੇ ਵਿੱਚ ਦੋਸ਼ ਸਾਬਤ ਹੋਇਆ। ਹੁਕਮ ਵਿੱਚ ਕਿਹਾ ਗਿਆ ਕਿ ਸਾਲ 2014-15 ਦੌਰਾਨ ਦੀਪਕ ਸ਼ਰਮਾ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਪੰਜਾਬ ਸਟੇਟ ਹਾਊਸਿੰਗ ਫੈਡਰੇਸ਼ਨ (ਹਾਊਸਫੈੱਡ) ਦੋਵਾਂ ਤੋਂ ਇਕੱਠੇ ਤਨਖਾਹ ਪ੍ਰਾਪਤ ਕੀਤੀ। ਇਸ ਤੱਥ ਦਾ ਢੰਗ ਨਾਲ ਖੁਲਾਸਾ ਨਹੀਂ ਕੀਤਾ ਗਿਆ, ਜਿਸ ਨੂੰ ਅਥਾਰਟੀ ਵੱਲੋਂ ਤੱਥਾਂ ਦੀ ਗਲਤ ਪੇਸ਼ਕਾਰੀ ਅਤੇ ਵਿੱਤੀ ਲਾਭ ਪ੍ਰਾਪਤ ਕਰਨ ਦੀ ਕਰਤੂਤ ਮੰਨਿਆ ਗਿਆ। ਕਾਰਵਾਈ ਦੌਰਾਨ ਦੀਪਕ ਸ਼ਰਮਾ ਨੇ ਅਸਤੀਫਾ ਦੇਣ ਦੀ ਇੱਛਾ ਵੀ ਜਤਾਈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਓਮਬਡਸਮੈਨ ਨੇ ਉਨ੍ਹਾਂ ਨੂੰ 18 ਫਰਵਰੀ 2026 ਸ਼ਾਮ 5 ਵਜੇ ਤਕ ਬਿਨਾਂ ਸ਼ਰਤ ਅਸਤੀਫਾ ਦੇਣ ਲਈ ਤਿੰਨ ਕੰਮਾਂ ਵਾਲੇ ਦਿਨਾਂ ਦਾ ਸਮਾਂ ਦਿੱਤਾ ਹੈ। ਹੁਕਮ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਨਿਰਧਾਰਿਤ ਸਮੇਂ ਅੰਦਰ ਅਸਤੀਫਾ ਨਹੀਂ ਦਿੱਤਾ ਜਾਂ ਸ਼ਰਤਾਂ ਸਹਿਤ ਅਸਤੀਫਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸੀਈਓ ਦੇ ਅਹੁਦੇ ਤੋਂ ਹਟਾਇਆ ਹੋਇਆ ਮੰਨਿਆ ਜਾਵੇਗਾ। ਅਸਤੀਫਾ ਮਨਜ਼ੂਰ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਸੇਵਾ ਸਮੇਂ ਦੌਰਾਨ ਪ੍ਰਾਪਤ ਹੱਕਾਂ ਅਨੁਸਾਰ ਲਾਭ ਮਿਲਣਗੇ। ਇਸ ਦੇ ਨਾਲ ਹੀ ਪੀਸੀਏ ਅਪੈਕਸ ਕੌਂਸਲ ਨੂੰ ਸੀਈਓ ਦਫ਼ਤਰ ਦੇ ਸੁਚਾਰੂ ਸੰਚਾਲਨ ਲਈ ਅੰਤਰਿਮ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਹ ਹੁਕਮ ਸਿਰਫ ਸਬੰਧਿਤ ਪੱਖਾਂ ਤਕ ਸੀਮਿਤ ਰਹੇਗਾ।