ਸਨੈਚਿੰਗ ਤੇ ਚਾਕੂ ਮਾਰਨ ਦੇ ਕੇਸ ’ਚ ਨਾਬਾਲਿਗ ਬਰੀ
ਸਨੈਚਿੰਗ ਤੇ ਚਾਕੂ ਮਾਰਨ ਦੇ ਕੇਸ ਵਿੱਚ ਨਾਬਾਲਿਗ ਬਰੀ
Publish Date: Tue, 10 Feb 2026 08:20 PM (IST)
Updated Date: Wed, 11 Feb 2026 04:15 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ਦੇ ਸੈਕਟਰ-49 ਥਾਣਾ ਖੇਤਰ ’ਚ ਹੋਈ ਸਨੈਚਿੰਗ ਤੇ ਚਾਕੂਬਾਜ਼ੀ ਦੀ ਘਟਨਾ ਨਾਲ ਜੁੜੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਸਬੂਤਾਂ ਦੀ ਕਮੀ ਕਾਰਨ ਇੱਕ ਨਾਬਾਲਿਗ ਨੂੰ ਬਰੀ ਕਰ ਦਿੱਤਾ। ਵਧੀਕ ਸੈਸ਼ਨ ਜੱਜ ਅਸ਼ਵਨੀ ਕੁਮਾਰ ਦੀ ਅਦਾਲਤ ਨੇ ਕਿਹਾ ਕਿ ਅਭਿਯੋਗ ਪੱਖ ਨਾਬਾਲਿਗ ਦੀ ਪਛਾਣ ਅਤੇ ਉਸ ਦੀ ਭੂਮਿਕਾ ਨੂੰ ਸਾਬਤ ਕਰਨ ਵਿੱਚ ਅਸਫ਼ਲ ਰਿਹਾ। ਇਸ ਲਈ ਨਾਬਾਲਿਗ ਨੂੰ ਸਾਰੇ ਦੋਸ਼ਾਂ ਤੋਂ ਬਰੀ ਕੀਤਾ ਜਾਂਦਾ ਹੈ। 11 ਮਈ 2023 ਨੂੰ ਦਰਜ ਹੋਇਆ ਸੀ ਮਾਮਲਾ ਸ਼ਿਕਾਇਤਕਰਤਾ ਹੰਸਰਾਜ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ 10 ਮਈ ਦੀ ਰਾਤ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਤੋਂ ਬੱਸ ਰਾਹੀਂ ਚੰਡੀਗੜ੍ਹ ਪਹੁੰਚਿਆ ਸੀ। ਰਾਤ ਕਰੀਬ 1 ਵਜੇ ਸੈਕਟਰ-43 ਬੱਸ ਸਟੈਂਡ ’ਤੇ ਉਤਰ ਕੇ ਉਹ ਪੈਦਲ ਆਪਣੇ ਘਰ ਸੈਕਟਰ-46 ਵੱਲ ਜਾ ਰਿਹਾ ਸੀ। ਸ਼ਿਕਾਇਤ ਅਨੁਸਾਰ ਸੈਕਟਰ-50 ਅਤੇ 45 ਦੀ ਡਿਵਾਈਡਿੰਗ ਰੋਡ ਨੇੜੇ ਇੱਕ ਨੌਜਵਾਨ ਨੇ ਸਮਾਂ ਪੁੱਛਿਆ। ਜਿਵੇਂ ਹੀ ਉਸ ਨੇ ਮੋਬਾਈਲ ਕੱਢਿਆ, ਨੌਜਵਾਨ ਨੇ ਫੋਨ ਖੋਹ ਲਿਆ। ਦੋਸ਼ ਹੈ ਕਿ ਇਸ ਦੌਰਾਨ ਦੋ ਹੋਰ ਨੌਜਵਾਨ ਅਤੇ ਇੱਕ ਲੜਕੀ ਵੀ ਉੱਥੇ ਆ ਗਏ। ਸਾਰਿਆਂ ਨੇ ਮਿਲ ਕੇ ਉਸ ਤੋਂ ਕਰੀਬ ਤਿੰਨ ਹਜ਼ਾਰ ਰੁਪਏ ਨਕਦ, ਮੋਬਾਈਲ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਖੋਹ ਲਏ। ਵਿਰੋਧ ਕਰਨ ’ਤੇ ਇੱਕ ਮੁਲਜ਼ਮ ਨੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਵਿਅਕਤੀ ਬਾਅਦ ਵਿੱਚ ਸਰਕਾਰੀ ਹਸਪਤਾਲ ਸੈਕਟਰ-32 ਪਹੁੰਚਿਆ, ਜਿੱਥੇ ਇਲਾਜ ਦੌਰਾਨ ਦਿੱਤੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ 392, 397, 34 ਤੇ 411 ਤਹਿਤ ਮਾਮਲਾ ਦਰਜ ਕੀਤਾ। ਅਦਾਲਤ ਨੇ ਜਾਂਚ ’ਤੇ ਉਠਾਏ ਸਵਾਲ ਜਾਂਚ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ’ਚ ਇੱਕ ਨਾਬਾਲਿਗ ਵੀ ਸ਼ਾਮਲ ਸੀ। ਪੁਲਿਸ ਦਾ ਦਾਅਵਾ ਸੀ ਕਿ ਨਿਸ਼ਾਨਦੇਹੀ ’ਤੇ ਬਰਾਮਦਗੀ ਹੋਈ ਤੇ ਸਹਿ ਮੁਲਜ਼ਮਾਂ ਦੇ ਬਿਆਨ ’ਤੇ ਚਾਕੂ ਵੀ ਮਿਲਿਆ। ਪਰ ਸੁਣਵਾਈ ਦੌਰਾਨ ਅਦਾਲਤ ਨੇ ਪਾਇਆ ਕਿ ਸ਼ਿਕਾਇਤਕਰਤਾ ਮੁਲਜ਼ਮਾਂ ਦੀ ਪਛਾਣ ਬਾਰੇ ਸਪਸ਼ਟ ਨਹੀਂ ਸੀ। ਨਾਬਾਲਿਗ ਤੋਂ ਕੋਈ ਸਿੱਧੀ ਬਰਾਮਦਗੀ ਵੀ ਨਹੀਂ ਹੋਈ। ਪਛਾਣ ਪਰੇਡ ਤੇ ਸਬੂਤਾਂ ਦੀ ਲੜੀ ’ਚ ਖਾਮੀਆਂ ਸਾਹਮਣੇ ਆਈਆਂ। ਅਦਾਲਤ ਨੇ ਕਿਹਾ ਕਿ ਜਦ ਤੱਕ ਦੋਸ਼ ਸ਼ੱਕ ਤੋਂ ਪਰੇ ਸਾਬਤ ਨਾ ਹੋਣ, ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਸੇ ਆਧਾਰ ’ਤੇ ਨਾਬਾਲਿਗ ਨੂੰ ਬਰੀ ਕਰ ਦਿੱਤਾ ਗਿਆ।