ਤਾਂਤਰਿਕ–ਮੌਲਵੀ ਬਣ ਕੇ ਔਰਤਾਂ ਨੂੰ ਠੱਗਣ ਵਾਲਾ ਰਾਜਸਥਾਨ ਤੋਂ ਗ੍ਰਿਫ਼ਤਾਰ
ਤਾਂਤਰਿਕ–ਮੌਲਵੀ ਬਣ ਕੇ ਔਰਤਾਂ ਨਾਲ ਠੱਗੀ ਕਰਨ ਵਾਲਾ ਨੌਜਵਾਨ ਰਾਜਸਥਾਨ ਤੋਂ ਗ੍ਰਿਫ਼ਤਾਰ
Publish Date: Tue, 10 Feb 2026 08:02 PM (IST)
Updated Date: Wed, 11 Feb 2026 04:14 AM (IST)

* ਮੁਲਜ਼ਮ ਕੋਲੋਂ ਦੋ ਮੋਬਾਈਲ ਫੋਨ ਬਰਾਮਦ, ਦੋਸਤ ਨਾਲ ਮਿਲ ਕੇ ਮਾਰਦਾ ਸੀ ਠੱਗੀਆਂ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਤਾਂਤਰਿਕ ਤੇ ਮੌਲਵੀ ਬਣ ਕੇ ਠੱਗੀ ਕਰਨ ਵਾਲੇ ਇਕ ਨੌਜਵਾਨ ਨੂੰ ਚੰਡੀਗੜ੍ਹ ਪੁਲਿਸ ਨੇ ਰਾਜਸਥਾਨ ਦੇ ਝੂੰਝਨੂੰ ਤੋਂ ਗ੍ਰਿਫ਼ਤਾਰ ਕੀਤਾ ਹੈ। 25 ਸਾਲਾ ਰੋਹਿਤ ਭਾਰਗਵ ਨਕਾਰਾਤਮਕ ਤਾਕਤਾਂ ਦਾ ਡਰ ਦਿਖਾ ਕੇ ਮਾਨਸਿਕ ਤੌਰ ’ਤੇ ਪਰੇਸ਼ਾਨ ਔਰਤਾਂ ਨਾਲ ਠੱਗੀ ਕਰਦਾ ਸੀ। ਉਸ ਦੇ ਕਬਜ਼ੇ ’ਚੋਂ ਇਕ ਵੀਵੋ ਮੋਬਾਈਲ ਫ਼ੋਨ ਤੇ ਆਈਫ਼ੋਨ 16ਪ੍ਰੋ ਬਰਾਮਦ ਹੋਇਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਇਕ ਨੰਬਰ ਤੋਂ ਮੌਲਵੀ ਬਰਕਤ ਖਾਨ ਤੇ ਦੂਜੇ ਨੰਬਰ ਤੋਂ ਦਿਲਬਰ ਸ਼ਾਹ ਬਣ ਕੇ ਗੱਲ ਕਰਦਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਕਿ ਉਹ ਆਪਣੇ ਸਾਥੀ ਨਾਲ ਮਿਲ ਕੇ ਸੋਸ਼ਲ ਮੀਡੀਆ ’ਤੇ ਝੂਠੇ ਧਾਰਮਿਕ ਇਸ਼ਤਿਹਾਰ ਪਾਉਂਦਾ ਸੀ। ਪਹਿਲਾਂ ਛੋਟੀ ਰਕਮ ਮੰਗੀ ਜਾਂਦੀ ਸੀ, ਫਿਰ ਡਰ ਤੇ ਧਮਕੀਆਂ ਦੇ ਕੇ ਲਗਾਤਾਰ ਪੈਸੇ ਤੇ ਗਹਿਣੇ ਲਏ ਜਾਂਦੇ ਸਨ। ਠੱਗੀ ਦੀ ਰਕਮ ਦੋਵੇਂ ਆਪਸ ’ਚ ਬਰਾਬਰ ਵੰਡ ਲੈਂਦੇ ਸਨ। ਰੋਹਿਤ ਖ਼ਿਲਾਫ਼ 14 ਜਨਵਰੀ ਨੂੰ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਹ ਪਰਿਵਾਰਕ ਤਣਾਅ ਤੇ ਮਾਨਸਿਕ ਪਰੇਸ਼ਾਨੀ ’ਚੋਂ ਗੁਜ਼ਰ ਰਹੀ ਸੀ। ਉਸ ਨੇ ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਦਿਖਾਏ ਗਏ ਝੂਠੇ ਇਸ਼ਤਿਹਾਰ ਪੜ੍ਹੇ, ਜਿਨ੍ਹਾਂ ’ਚ ਤਾਂਤਰਿਕ–ਮੌਲਵੀ ਬਣ ਕੇ ਘਰੇਲੂ ਤੇ ਨਿੱਜੀ ਸਮੱਸਿਆਵਾਂ ਦੇ ਹੱਲ ਦਾ ਦਾਅਵਾ ਕੀਤਾ ਗਿਆ ਸੀ। ਰੋਹਿਤ ਤੇ ਉਸਦੇ ਸਾਥੀ ਨੇ ਤਾਂਤਰਿਕ ਬਾਬਾ ਤੇ ਮੌਲਵੀ ਦੀ ਝੂਠੀ ਪਛਾਣ ਬਣਾ ਕੇ ਪੀੜਤਾ ਦਾ ਭਰੋਸਾ ਜਿੱਤਿਆ। ਬਾਅਦ ’ਚ ਉਸ ਨੂੰ ਡਰਾਇਆ ਗਿਆ ਕਿ ਉਸ ’ਤੇ ਨਕਾਰਾਤਮਕ ਤਾਕਤਾਂ ਦਾ ਸਾਇਆ ਹੈ ਅਤੇ ਇਸਨੂੰ ਦੂਰ ਕਰਨ ਲਈ ਖਰਚਾ–ਪਾਣੀ ਦੇਣਾ ਪਵੇਗਾ। ਹੱਲ ਨਾ ਕਰਵਾਇਆ ਤਾਂ ਵੱਡੀ ਅਨਹੋਣੀ ਹੋ ਸਕਦੀ ਹੈ। ਔਰਤ ਦੇ ਡਰ ਅਤੇ ਅੰਧਵਿਸ਼ਵਾਸ ਦਾ ਫ਼ਾਇਦਾ ਚੁੱਕ ਕੇ ਉਸ ਤੋਂ ਵਾਰ–ਵਾਰ ਪੈਸੇ ਵਸੂਲੇ ਗਏ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਵੱਖ–ਵੱਖ ਬੈਂਕ ਖਾਤਿਆਂ ਵਿੱਚ ਰਕਮ ਟ੍ਰਾਂਸਫ਼ਰ ਕਰਵਾਈ ਗਈ। ਕਰੀਬ 150 ਗ੍ਰਾਮ ਸੋਨੇ ਦੇ ਗਹਿਣੇ ਵੀ ਮੁਲਜ਼ਮ ਨੂੰ ਦਿੱਤੇ ਗਏ। ਠੱਗੀ ਦੀ ਕੁੱਲ ਰਕਮ ਲਗਭਗ 40 ਲੱਖ ਰੁਪਏ ਹੈ। ਬੈਂਕ ਖਾਤਿਆਂ ਤੇ ਮੋਬਾਈਲ ਨੰਬਰਾਂ ਨਾਲ ਖੁੱਲ੍ਹੀ ਪੋਲ ਜਾਂਚ ਦੌਰਾਨ ਪੁਲਿਸ ਨੇ ਕਾਲ ਡਿਟੇਲ ਰਿਕਾਰਡ (ਸੀਡੀਆਰ), ਬੈਂਕ ਕੇਵਾਈਸੀ ਤੇ ਮੋਬਾਈਲ ਨੰਬਰਾਂ ਦੀ ਜਾਂਚ ਕੀਤੀ। ਮੁਲਜ਼ਮ ਦੇ ਨਾਮ ’ਤੇ ਬੈਂਕ ਆਫ਼ ਬੜੌਦਾ ਤੇ ਕੇਨਰਾ ਬੈਂਕ ’ਚ ਦੋ ਖਾਤੇ ਮਿਲੇ। ਕਈ ਮੋਬਾਈਲ ਨੰਬਰਾਂ ਤੋਂ ਪੀੜਤਾ ਨਾਲ ਸੰਪਰਕ ਕੀਤਾ ਗਿਆ, ਜੋ ਮੁਲਜ਼ਮ ਨਾਲ ਜੁੜੇ ਹੋਏ ਪਾਏ ਗਏ।