ਸਕੂਲ ’ਚ ਪ੍ਰਿੰਸਿਪਲ-ਅਧਿਆਪਿਕਾ ਟਕਰਾਅ, ਲਾਇਬ੍ਰੇਰੀ ਤੋਂ ਕੱਢਣ ’ਤੇ ਟੀਚਰ ਹੋਈ ਬੇਹੋਸ਼
ਸਕੂਲ ਵਿੱਚ ਪ੍ਰਿੰਸਿਪਲ–ਅਧਿਆਪਿਕਾ ਟਕਰਾਅ, ਲਾਇਬ੍ਰੇਰੀ ਤੋਂ ਕੱਢਣ ‘ਤੇ ਟੀਚਰ ਹੋਈ ਬੇਹੋਸ਼
Publish Date: Tue, 10 Feb 2026 07:49 PM (IST)
Updated Date: Wed, 11 Feb 2026 04:12 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਚੰਡੀਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-38 ਵੈਸਟ ’ਚ ਮੰਗਲਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਮਹਿਲਾ ਜੇਬੀਟੀ ਅਧਿਆਪਿਕਾ ਪ੍ਰਿੰਸਿਪਲ ਨਾਲ ਹੋਏ ਕਥਿਤ ਵਿਵਾਦ ਤੋਂ ਬਾਅਦ ਬੇਹੋਸ਼ ਹੋ ਕੇ ਡਿੱਗ ਪਈ। ਸਹਿਕਰਮੀ ਅਧਿਆਪਕਾਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਮੁਤਾਬਕ ਅਧਿਆਪਿਕਾ ਆਪਣੇ ਫ੍ਰੀ ਪੀਰੀਅਡ ਦੌਰਾਨ ਲਾਇਬ੍ਰੇਰੀ ’ਚ ਬੈਠ ਕੇ ਸਕੂਲ ਨਾਲ ਸਬੰਧਤ ਕੰਮ ਕਰ ਰਹੀ ਸੀ। ਇਸ ਦੌਰਾਨ ਪ੍ਰਿੰਸਿਪਲ ਨੇ ਉਨ੍ਹਾਂ ਨੂੰ ਲਾਇਬ੍ਰੇਰੀ ਤੋਂ ਬਾਹਰ ਜਾਣ ਲਈ ਕਿਹਾ। ਅਧਿਆਪਿਕਾ ਵੱਲੋਂ ਫ੍ਰੀ ਪੀਰੀਅਡ ਹੋਣ ਤੇ ਕੰਮ ਕਰਨ ਦੀ ਗੱਲ ਕਹਿਣ ’ਤੇ ਦੋਹਾਂ ਵਿਚਕਾਰ ਤਕਰਾਰ ਹੋ ਗਈ। ਇਸ ਤੋਂ ਬਾਅਦ ਅਧਿਆਪਿਕਾ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਤੇ ਉਹ ਮੌਕੇ ’ਤੇ ਹੀ ਬੇਹੋਸ਼ ਹੋ ਗਈ। ਘਟਨਾ ਤੋਂ ਬਾਅਦ ਸਕੂਲ ’ਚ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਹੋਰ ਅਧਿਆਪਕ ਨੂੰ ਤੁਰੰਤ ਹਸਪਤਾਲ ਲੈ ਗਏ, ਜਦਕਿ ਪ੍ਰਿੰਸਿਪਲ ਆਪਣੇ ਕਮਰੇ ’ਚ ਹੀ ਮੌਜੂਦ ਰਹੀ। ਸਕੂਲ ਦੇ ਅਧਿਆਪਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੋਸ਼ ਲਗਾਇਆ ਕਿ ਮੌਜੂਦਾ ਪ੍ਰਿੰਸਿਪਲ ਨਵੰਬਰ ਮਹੀਨੇ ’ਚ ਸਕੂਲ ਵਿਚ ਤਾਇਨਾਤ ਹੋਈ ਸੀ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਅਧਿਆਪਕਾਂ ਨਾਲ ਬੇਹੱਦ ਮਾੜਾ ਵਿਹਾਰ ਹੋ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਕੰਮਕਾਜ ਦੌਰਾਨ ਬਾਰ-ਬਾਰ ਦਖ਼ਲਅੰਦਾਜ਼ੀ ਅਤੇ ਕਥਿਤ ਦੁਰਵਿਵਹਾਰ ਕਾਰਨ ਪੂਰਾ ਸਟਾਫ਼ ਮਾਨਸਿਕ ਤਣਾਅ ਵਿੱਚ ਹੈ। ਇਧਰ, ਅਧਿਆਪਿਕਾ ਦੇ ਬੇਹੋਸ਼ ਹੋਣ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੇ ਪਤੀ ਹਸਪਤਾਲ ਪਹੁੰਚੇ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਿੰਸਿਪਲ ਵੱਲੋਂ ਇਸ ਤਰ੍ਹਾਂ ਦਾ ਵਿਵਹਾਰ ਇਸ ਤੋਂ ਪਹਿਲਾਂ ਵੀ ਦੋ ਵਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇ ਸਕੂਲ ’ਚ ਉਨ੍ਹਾਂ ਦੀ ਪਤਨੀ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਿੰਸਿਪਲ ਦੀ ਹੋਵੇਗੀ। ਨਾਲ ਹੀ ਉਨ੍ਹਾਂ ਸਿੱਖਿਆ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਸ਼ਿਕਾਇਤ ਦੇਣ ਦੀ ਗੱਲ ਵੀ ਕਹੀ ਹੈ। ਕੋਟਸ)------‘ਇਹ ਮਾਮਲਾ ਮੇਰੀ ਜਾਣਕਾਰੀ ’ਚ ਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।’ - ਨਿਤੀਸ਼ ਸਿੰਗਲਾ, ਡਾਇਰੈਕਟਰ ਸਕੂਲ ਸਿੱਖਿਆ, ਚੰਡੀਗੜ੍ਹ।