ਚੰਡੀਗੜ੍ਹ ਵਿੱਚ ਵਾਤਾਵਰਣ ਸੁਰੱਖਿਆ ਨਿਯਮਾਂ ਦੀ ਉਲੰਘਣਾ
ਚੰਡੀਗੜ੍ਹ ਵਿੱਚ ਵਾਤਾਵਰਣ ਸੁਰੱਖਿਆ ਨਿਯਮਾਂ ਦੀ ਉਲੰਘਣਾ
Publish Date: Mon, 09 Feb 2026 08:39 PM (IST)
Updated Date: Mon, 09 Feb 2026 08:41 PM (IST)

- ਸੀਪੀਸੀਸੀ ਨੇ ਨਗਰ ਨਿਗਮ ’ਤੇ 2.37 ਲੱਖ ਰੁਪਏ ਲਾਇਆ ਜੁਰਮਾਨਾ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਨੇ ਡੱਡੂਮਾਜਰਾ ਡੰਪਿੰਗ ਸਾਈਟ ’ਤੇ ਬਿਨਾਂ ਲੁੜੀਂਦੀ ਵਾਤਾਵਰਣੀ ਮਨਜ਼ੂਰੀ ਦੇ ਬਾਇਓਮਾਈਨਿੰਗ ਕੰਮ ਸ਼ੁਰੂ ਕਰਨ ਦੇ ਮਾਮਲੇ ਵਿੱਚ ਨਗਰ ਨਿਗਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਸੀਪੀਸੀਸੀ ਨੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਨੂੰ ਗੰਭੀਰ ਮੰਨਦਿਆਂ ਨਗਰ ਨਿਗਮ ’ਤੇ 2.37 ਲੱਖ ਰੁਪਏ ਦੀ ਵਾਤਾਵਰਣ ਮੁਆਵਜ਼ਾ ਰਕਮ (ਇਨਵਾਇਰਨਮੈਂਟਲ ਕੰਪਨਸੇਸ਼ਨ) ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਸੀਪੀਸੀਸੀ ਅਨੁਸਾਰ ਨਗਰ ਨਿਗਮ ਨੇ ਡੱਡੂਮਾਜਰਾ ਸਥਿਤ ਲੈਗੇਸੀ ਵੇਸਟ ਸਾਈਟ ’ਤੇ ਬਾਇਓਮਾਈਨਿੰਗ ਕੰਮ ਲਈ ਲੁੜੀਂਦਾ ‘ਕੰਸੈਂਟ ਟੂ ਆਪਰੇਟ’ (ਸੀਟੀਓ) ਪ੍ਰਾਪਤ ਕੀਤੇ ਬਿਨਾਂ ਹੀ ਮਸ਼ੀਨਾਂ ਲਾ ਦਿੱਤੀਆਂ ਅਤੇ ਕੰਮ ਸ਼ੁਰੂ ਕਰ ਦਿੱਤਾ। ਇਹ ਕਦਮ ਵਾਤਾਵਰਣ ਸੁਰੱਖਿਆ ਐਕਟ ਅਤੇ ਪ੍ਰਬੰਧਨ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ। ਸੀਪੀਸੀਸੀ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਕਿਸਮ ਦੀ ਠੋਸ ਪ੍ਰੋਸੈਸਿੰਗ ਜਾਂ ਨਿਪਟਾਰਾ ਸਰਗਰਮੀ ਸ਼ੁਰੂ ਕਰਨ ਤੋਂ ਪਹਿਲਾਂ ਵਾਤਾਵਰਣ ਮਨਜ਼ੂਰੀ ਲੈਣਾ ਲਾਜ਼ਮੀ ਹੈ। ਇਸ ਦੇ ਬਾਵਜੂਦ ਨਗਰ ਨਿਗਮ ਨੇ ਨਿਯਮਾਂ ਦੀ ਅਣਦੇਖੀ ਕਰਦਿਆਂ ਕੰਮ ਸ਼ੁਰੂ ਕਰ ਦਿੱਤਾ, ਜਿਸ ਨਾਲ ਵਾਤਾਵਰਣ ਮਾਪਦੰਡਾਂ ’ਤੇ ਨਕਾਰਾਤਮਕ ਅਸਰ ਪਿਆ। ਸੂਤਰਾਂ ਮੁਤਾਬਿਕ ਡੱਡੂਮਾਜਰਾ ਡੰਪਿੰਗ ਸਾਈਟ ’ਤੇ ਲਗਭਗ 12 ਤੋਂ 13 ਹਜ਼ਾਰ ਮੈਟ੍ਰਿਕ ਟਨ ਲੈਗੇਸੀ ਵੇਸਟ ਮੌਜੂਦ ਹੈ, ਜਿਸ ਦੇ ਨਿਪਟਾਰੇ ਲਈ ਬਾਇਓਮਾਈਨਿੰਗ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਸੀਪੀਸੀਸੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਨਿਰਧਾਰਤ ਸਮੇਂ-ਸੀਮਾ ਅੰਦਰ ਵਾਤਾਵਰਣ ਮੁਆਵਜ਼ੇ ਦੀ ਰਕਮ ਜਮ੍ਹਾਂ ਨਾ ਕਰਵਾਈ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।