ਪੰਚਕੂਲਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੰਚਕੂਲਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Publish Date: Mon, 09 Feb 2026 08:32 PM (IST)
Updated Date: Mon, 09 Feb 2026 08:35 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਪੰਚਕੂਲਾ : ਪੰਚਕੂਲਾ ਕੋਰਟ ਨੂੰ ਸੋਮਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਲਰਟ ਮੋਡ ਵਿੱਚ ਆ ਗਿਆ। ਜਾਣਕਾਰੀ ਮੁਤਾਬਕ ਸੈਸ਼ਨ ਜੱਜ ਨੂੰ ਇੱਕ ਧਮਕੀ ਭਰਿਆ ਈ-ਮੇਲ ਪ੍ਰਾਪਤ ਹੋਇਆ, ਜਿਸ ਤੋਂ ਤੁਰੰਤ ਬਾਅਦ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ, ਡੌਗ ਸਕੂਐਡ ਅਤੇ ਬੰਬ ਨਿਰੋਧਕ ਦਸਤਾ ਮੌਕੇ ’ਤੇ ਪਹੁੰਚ ਗਏ ਅਤੇ ਪੂਰੇ ਕੋਰਟ ਕੰਪਲੈਕਸ ਦੀ ਸਖ਼ਤ ਤਲਾਸ਼ੀ ਲਈ। ਇਹਤਿਆਤ ਵਜੋਂ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਅਤੇ ਵਕੀਲਾਂ ਤੇ ਆਮ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤਕ ਦੀ ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ, ਫਿਰ ਵੀ ਸੁਰੱਖਿਆ ਦੇ ਮੱਦੇਨਜ਼ਰ ਜਾਂਚ ਜਾਰੀ ਹੈ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਏ ਦਿਨ ਸਰਕਾਰੀ ਇਮਾਰਤਾਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪਰ ਹਾਲੇ ਤਕ ਪੁਲਿਸ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।