ਦਰਖ਼ਤ ਥੱਲੇ ਕੱਪੜੇ ’ਚ ਲਿਪਟੀ ਮਿਲੀ ਬੱਚੀ ਦੀ ਹੋਈ ਮੌਤ
ਦਰਖ਼ਤ ਥੱਲੇ ਕੱਪੜੇ ਵਿੱਚ ਲਿਪਟੀ ਮਿਲੀ ਬੱਚੀ ਦੀ ਹੋਈ ਮੌਤ
Publish Date: Mon, 09 Feb 2026 08:30 PM (IST)
Updated Date: Mon, 09 Feb 2026 08:32 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-16 ਹਸਪਤਾਲ ਦੇ ਬਾਹਰ ਦਰੱਖਤ ਹੇਠਾਂ ਕੱਪੜਿਆਂ ਵਿੱਚ ਲਪੇਟੀ ਹੋਈ ਮਿਲੀ ਨਵਜੰਮੀ ਬੱਚੀ ਆਖ਼ਿਰਕਾਰ ਜ਼ਿੰਦਗੀ ਦੀ ਜੰਗ ਹਾਰ ਗਈ। ਉਸ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ। ਮਾਮਲੇ ਦੀ ਜਾਂਚ ਸੈਕਟਰ-17 ਥਾਣਾ ਪੁਲਿਸ ਕਰ ਰਹੀ ਹੈ। ਪੁਲਿਸ ਉਸ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਜਿੱਥੇ ਬੱਚੀ ਮਿਲੀ ਸੀ। ਵੱਖ-ਵੱਖ ਹਸਪਤਾਲਾਂ ਤੋਂ ਬੱਚਿਆਂ ਦੇ ਜਨਮ ਨਾਲ ਸਬੰਧਿਤ ਰਿਕਾਰਡ ਵੀ ਇਕੱਠੇ ਕੀਤੇ ਜਾ ਰਹੇ ਹਨ। ਹੁਣ ਤਕ ਪੁਲਿਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ। ਐਤਵਾਰ ਦੁਪਹਿਰ ਕਰੀਬ 3 ਵਜੇ ਸੈਕਟਰ-16 ਹਸਪਤਾਲ ਦੇ ਐਂਟਰੀ ਗੇਟ ਦੇ ਨੇੜੇ ਬਣੇ ਰੈਨ ਬਸੇਰਾ ਕੋਲ ਇੱਕ ਦਰੱਖਤ ਹੇਠਾਂ ਕੱਪੜਿਆਂ ਵਿੱਚ ਲਪੇਟੀ ਨਵਜੰਮੀ ਬੱਚੀ ਰੋ ਰਹੀ ਸੀ। ਉਸ ਦੇ ਮਾਤਾ-ਪਿਤਾ ਉਸ ਨੂੰ ਲਾਵਾਰਿਸ ਛੱਡ ਕੇ ਫ਼ਰਾਰ ਹੋ ਗਏ ਸਨ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਇੱਕ ਆਟੋ ਚਾਲਕ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਸੈਕਟਰ-17 ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਬੱਚੀ ਨੂੰ ਤੁਰੰਤ ਪੀਜੀਆਈ ਵਿੱਚ ਦਾਖ਼ਲ ਕਰਵਾਇਆ। ਬੱਚੀ ਦੀ ਨਾਭੀ ਨਾਲ ਜੁੜੀ ਨਾਲੀ ਵੀ ਕੱਟੀ ਨਹੀਂ ਸੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਬੱਚੀ ਨੂੰ ਛੱਡਣ ਵਾਲੇ ਮਾਤਾ-ਪਿਤਾ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।