ਨਵੀਂ ਬਣੀ ਫ਼ਿਲਮ ‘ਘੂਸਖੋਰ ਪੰਡਤ’ ’ਤੇ ਰੋਕ ਦੀ ਮੰਗ
ਨਵੀਂ ਬਣੀ ਫ਼ਿਲਮ ‘ਘੂਸਖੋਰ ਪੰਡਿਤ’ ’ਤੇ ਰੋਕ ਦੀ ਮੰਗ
Publish Date: Mon, 09 Feb 2026 08:21 PM (IST)
Updated Date: Mon, 09 Feb 2026 08:23 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਨਵੀਂ ਬਣੀ ਫ਼ਿਲਮ ‘ਘੂਸਖੋਰ ਪੰਡਤ’ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਨੂੰ ਲੈ ਕੇ ਦੇਵਾਰਚਨ ਪ੍ਰੀਸ਼ਦ ਚੰਡੀਗੜ੍ਹ ਦਾ ਇੱਕ ਵਫ਼ਦ ਚੰਡੀਗੜ੍ਹ ਦੇ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਅਮਨਦੀਪ ਸਿੰਘ ਭੱਟੀ ਨਾਲ ਮਿਲਿਆ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਪ੍ਰੀਸ਼ਦ ਨੇ ਫ਼ਿਲਮ ਨੂੰ ਵਿਪ੍ਰ ਸਮਾਜ ਦੇ ਅਕਸ ਨੂੰ ਧੁੰਦਲਾ ਕਰਨ ਵਾਲੀ ਦੱਸਦੇ ਹੋਏ ਇਸ ’ਤੇ ਤੁਰੰਤ ਪਾਬੰਦੀ ਲਗਾਉਣ ਦੀ ਅਪੀਲ ਕੀਤੀ। ਦੇਵਾਰਚਨ ਪ੍ਰੀਸ਼ਦ ਦਾ ਇਹ ਵਫ਼ਦ ਪ੍ਰੀਸ਼ਦ ਦੇ ਪ੍ਰਧਾਨ ਪੰ. ਰਾਮਗੋਪਾਲ ਦੀ ਅਗਵਾਈ ਹੇਠ ਏਡੀਸੀ ਨਾਲ ਮਿਲਿਆ। ਇਸ ਦੌਰਾਨ ਪੰਡਤ ਰਾਮਗੋਪਾਲ ਨੇ ਕਿਹਾ ਕਿ ਉਕਤ ਫ਼ਿਲਮ ਵਿਪ੍ਰ ਸਮਾਜ ਨੂੰ ਨੀਚਾ ਦਿਖਾਉਣ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ, ਜਿਸ ਦਾ ਸਮਾਜ ’ਤੇ ਡੂੰਘਾ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕਿਸਮ ਦੀਆਂ ਫ਼ਿਲਮਾਂ ਸਨਾਤਨ ਸੰਸਕ੍ਰਿਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਹਨ, ਜੋ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫ਼ਿਲਮ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ਅਤੇ ਇਸ ਦੇ ਨਿਰਮਾਤਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੰਡਤ ਰਾਮਗੋਪਾਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਅਰਜ਼ੀ ’ਤੇ ਜਲਦੀ ਕਾਰਵਾਈ ਨਾ ਕੀਤੀ, ਤਾਂ ਦੇਵਾਰਚਨ ਪ੍ਰੀਸ਼ਦ ਅੰਦੋਲਨ ਦਾ ਰਾਹ ਅਪਣਾਉਣ ਲਈ ਮਜਬੂਰ ਹੋਵੇਗੀ। ਇਸ ਮੌਕੇ ਦੇਵਾਰਚਨ ਪ੍ਰੀਸ਼ਦ ਦੇ ਅਧਿਕਾਰੀ ਅਤੇ ਮੈਂਬਰ ਹਾਜ਼ਰ ਰਹੇ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਪੰ. ਲਾਖੀਰਾਮ, ਪੰ. ਦਿਨੇਸ਼, ਪੰ. ਚੰਦਰ ਭੂਸ਼ਣ, ਪੰ. ਗੁਰੂ ਪ੍ਰਸਾਦ, ਪੰਡਤ ਰਾਜਿੰਦਰ, ਪੰ. ਸੰਜੇ, ਪੰ. ਸ਼ਿਵ ਕੁਮਾਰ, ਪੰ. ਰੋਸ਼ਨ, ਪੰਡਤ ਪ੍ਰਕਾਸ਼, ਪੰ. ਸੁਰੇਸ਼, ਪੰ. ਮਨੋਜ, ਪੰ. ਕਮਲਨਯਨ ਅਤੇ ਪੰ. ਅਮਰਦੇਵ ਸਮੇਤ ਹੋਰ ਮੈਂਬਰ ਸ਼ਾਮਲ ਸਨ।